ਅਮਰੀਕਾ : ਜੰਗਲੀ ਅੱਗ ਨੇ 6.7 ਮਿਲੀਅਨ ਏਕੜ ਜ਼ਮੀਨ ਕੀਤੀ ਸਵਾਹ, ਕੈਨੇਡੀਅਨ ਵੀ ਹੋਏ ਤੰਗ

Wednesday, Sep 16, 2020 - 09:38 AM (IST)

ਅਮਰੀਕਾ : ਜੰਗਲੀ ਅੱਗ ਨੇ 6.7 ਮਿਲੀਅਨ ਏਕੜ ਜ਼ਮੀਨ ਕੀਤੀ ਸਵਾਹ, ਕੈਨੇਡੀਅਨ ਵੀ ਹੋਏ ਤੰਗ

ਕੈਲੀਫੋਰਨੀਆ, (ਨੀਟਾ ਮਾਛੀਕੇ)- ਸੋਕੇ, ਗਰਮੀ ਅਤੇ ਖੁਸ਼ਕ ਮੌਸਮ ਦੇ ਚੱਲਦਿਆਂ ਅਮਰੀਕਾ ਦੀਆਂ ਤਕਰੀਬਨ 11 ਪੱਛਮੀ ਸਟੇਟਾਂ ਵਿਚ ਭਿਆਨਕ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਇਨ੍ਹਾਂ ਅੱਗਾਂ ਵਿੱਚ ਤਕਰੀਬਨ 6.7 ਮਿਲੀਅਨ ਏਕੜ ਜੰਗਲ ਸੜਕੇ ਸਵਾਹ ਹੋ ਗਿਆ ਅਤੇ ਤਕਰੀਬਨ 35 ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆ ਰਹੀਆ ਹਨ ਅਤੇ ਡੇਢ ਦਰਜਨ ਦੇ ਕਰੀਬ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਅੱਗ ਕਾਰਨ ਅਮਰੀਕੀ ਹੀ ਨਹੀਂ ਕੈਨੇਡੀਅਨ ਲੋਕ ਵੀ ਤੰਗ ਹੋ ਗਏ ਹਨ। ਹਵਾ ਦੀ ਗੁਣਵੱਤਾ ਦੋਵਾਂ ਦੇਸ਼ਾਂ ਵਿਚ ਬੇਹੱਦ ਖਰਾਬ ਸਥਿਤੀ ਵਿਚ ਪੁੱਜ ਗਈ ਹੈ। 

ਇਸ ਭਿਆਨਕ ਅੱਗ ਵਿਚ ਸੈਂਕੜੇ ਘਰ, ਦਰਜਨਾਂ ਦੇ ਹਿਸਾਬ ਨਾਲ ਬਿਜ਼ਨਸ ਸੜ ਕੇ ਸਵਾਹ ਹੋ ਗਏ। ਇਕੱਲੇ ਕੈਲੀਫੋਰਨੀਆਂ ਵਿੱਚ ਤਕਰੀਬਨ ਸਾਢੇ ਤਿੰਨ ਮਿਲੀਅਨ ਏਕੜ ਸੜੇ ਹਨ, ਅਤੇ ਦੋ ਦਰਜਨ ਦੇ ਕਰੀਬ ਲੋਕੀ ਮਾਰੇ ਗਏ ਹਨ। ਲੱਖਾਂ ਦੇ ਹਿਸਾਬ ਨਾਲ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ। ਦੂਸਰਾ ਸੂਬਾ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਹੈ ਓਰੇਗਨ, ਇੱਥੇ 960,000 ਏਕੜ ਸੜੇ ਦੱਸੇ ਜਾ ਰਹੇ ਹਨ ‘ਤੇ ਦਰਜਨ ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। 

PunjabKesari

ਇਸੇ ਤਰ੍ਹਾਂ ਵਾਸ਼ਿੰਗਟਨ ਸਟੇਟ ਵਿਚ 640,000 ਏਕੜ ਸੜੇ ਹਨ ਅਤੇ ਇੱਥੇ ਵੀ ਕਈ ਮੌਤਾਂ ਹੋਣ ਦੀ ਜਾਣਕਾਰੀ ਮਿਲੀ ਹੈ। ਕੈਲੀਫੋਰਨੀਆ ਵਿੱਚ ਤਕਰੀਬਨ 29 ਥਾਂਵਾਂ ਤੇ ਇਸ ਸਮੇਂ ਭਿਆਨਕ ਅੱਗ ਨਾਲ 15000 ਫ਼ਾਇਰ ਫਾਈਟਰ ਜੂਝ ਰਹੇ ਹਨ। ਬਹੁਤ ਸਾਰੀਆਂ ਥਾਂਵਾਂ ਤੇ ਬਿਜਲੀ ਗੁੱਲ ਹੈ। ਓਰੇਗਨ ਸਟੇਟ ਵਿੱਚ ਕਈ ਪਿੰਡ ਪੂਰੇ ਦੇ ਪੂਰੇ ਸੜ ਗਏ ਹਨ। ਓਰੇਗਨ ਸਟੇਟ ਵਿਚ ਇੱਕ ਗੋਰੇ ਵਿਅਕਤੀ ਮਾਈਕਾਲ ਜਿਰਾਰਡ ਬਕੇਲਾ (41) ਨੂੰ ਪੁਲਸ ਨੇ ਜੰਗਲੀ ਅੱਗ ਸਟਾਰਟ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। 

ਇਹ ਕਥਿਤ ਦੋਸ਼ੀ ਡਰੱਗ ਵੇਚਣ ਮਾਮਲੇ ਵਿਚ ਜ਼ਮਾਨਤ ਤੇ ਬਾਹਰ ਸੀ। ਇਸੇ ਤਰੀਕੇ ਹੋਰ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਪੁਲਸ ਕਈ ਪਹਿਲੂਆਂ ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ। ਬਹੁਤ ਸਾਰੀਆਂ ਸੂਬਿਆਂ ਵਿਚ ਸਟੇਟ ਆਫ਼ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਅੱਗ ਦੇ ਧੂੰਏਂ ਦਾ ਗ਼ੁਬਾਰ ਕੈਲੀਫੋਰਨੀਆ, ਓਰੇਗਨ, ਵਾਸਿੰਗਟਨ ਤੋਂ ਬਾਅਦ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕਈ ਇਲਾਕਿਆਂ ਤੱਕ ਪਹੁੰਚ ਗਿਆ ਹੈ ਅਤੇ ਇਸ ਧੂੰਏਂ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਲੋਕ ਸਾਹ ਲੈਣ ਦੀ ਤਕਲੀਫ਼ ਤੋਂ ਪੀੜਤ ਹਨ ਅਤੇ ਲੋਕ ਆਪੋ-ਆਪਣੇ ਤਰੀਕੇ ਨਾਲ ਪੀੜਤ ਲੋਕਾਂ ਲਈ ਫੰਡ ਇਕੱਤਰ ਕਰਕੇ ਦੁੱਖੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਚ ਵੀ ਸਿੱਖ ਸੰਗਤ ਫ਼ਾਇਰ ਫਾਈਟਰਜ਼ ਲਈ ਫੰਡ ਅਤੇ ਲੋੜੀਂਦਾ ਸਮਾਨ ਇਕੱਤਰ ਕਰ ਰਹੀ ਹੈ। ਇਸ ਸਮੇਂ ਅਮਰੀਕਾ ਵਿਚ ਹਰ ਕੋਈ ਫ਼ਾਇਰ ਕਰਮੀਆਂ ਦੇ ਕੰਮ ਦੀ ਸਲਾਉਤਾ ਕਰ ਰਿਹਾ ਹੈ। ਆਸ ਕਰਦੇ ਹਾਂ ਕਿ ਫ਼ਾਇਰ ਫਾਈਟਰਜ਼ ਦੀ ਮਿਹਨਤ ਰੰਗ ਲਿਆਵੇਗੀ ਅਤੇ ਜਲਦ ਇਨ੍ਹਾਂ ਅੱਗਾਂ ਤੇ ਕਾਬੂ ਪਾਇਆ ਜਾ ਸਕੇਗਾ।
 


author

Lalita Mam

Content Editor

Related News