ਅਮਰੀਕਾ : ਫਾਰਮਾਸਿਸਟ ਨੇ ਸ਼ਾਪਿੰਗ ਵੈੱਬਸਾਈਟ ’ਤੇ ਵੇਚੇ 125 ਕੋਰੋਨਾ ਵੈਕਸੀਨ ਕਾਰਡ

Wednesday, Aug 18, 2021 - 09:24 PM (IST)

ਅਮਰੀਕਾ : ਫਾਰਮਾਸਿਸਟ ਨੇ ਸ਼ਾਪਿੰਗ ਵੈੱਬਸਾਈਟ ’ਤੇ ਵੇਚੇ 125 ਕੋਰੋਨਾ ਵੈਕਸੀਨ ਕਾਰਡ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਇੱਕ ਫਰਮਾਸਿਸਟ ਵੱਲੋਂ ਸ਼ਾਪਿੰਗ ਵੈੱਬਸਾਈਟ ‘ਈਬੇ’ ਉੱਪਰ 125 ਕੋਰੋਨਾ ਵੈਕਸੀਨ ਕਾਰਡ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਜਾਣਕਾਰੀ ਅਨੁਸਾਰ ਸ਼ਿਕਾਗੋ ’ਚ ਇੱਕ ਲਾਇਸੈਂਸਸ਼ੁਦਾ ਫਾਰਮਾਸਿਸਟ ਨੇ ਈਬੇ ਉੱਤੇ 125 ਪ੍ਰਮਾਣਿਕ ​​ਕੋਵਿਡ-19 ਟੀਕਾਕਰਨ ਕਾਰਡ ਵੇਚੇ ਹਨ। ਅਮਰੀਕਾ ਦੇ ਜਸਟਿਸ ਵਿਭਾਗ ਦੇ ਅਨੁਸਾਰ ਮਾਰਚ ਦੇ ਅਖੀਰ ਤੋਂ ਲੈ ਕੇ ਅਪ੍ਰੈਲ ਦੇ ਆਰੰਭ ਤੱਕ 11 ਵੱਖ-ਵੱਖ ਖਰੀਦਦਾਰਾਂ ਨੂੰ ਸੀ. ਡੀ. ਸੀ. ਦੇ ਵੈਕਸੀਨ ਕਾਰਡ ਵੇਚਣ ਦੇ ਮਾਮਲੇ ’ਚ ਇੱਕ ਫਾਰਮੇਸੀ ਚੇਨ ’ਤੇ ਕੰਮ ਕਰਨ ਵਾਲੇ 34 ਸਾਲਾ ਟਾਂਗਟਾਂਗ ਜਹਾਓ ਨਾਂ ਦੇ ਫਾਰਮਾਸਿਸਟ ਨੂੰ ਮੰਗਲਵਾਰ ਗ੍ਰਿਫਤਾਰ ਕੀਤਾ ਗਿਆ।

ਵੈੱਬਸਾਈਟ ਦੇ ਰਿਕਾਰਡ ਅਨੁਸਾਰ ਜਹਾਓ ਨੇ ਪਹਿਲਾਂ ਈਬੇ ’ਤੇ ਇੱਕ ਖਰੀਦਦਾਰ ਨੂੰ 10 ਟੀਕਾਕਰਨ ਕਾਰਡ ਵੇਚੇ, ਜਿਸ ਨੇ 25 ਮਾਰਚ ਨੂੰ 88.03 ਡਾਲਰ ਦਾ ਭੁਗਤਾਨ ਕੀਤਾ। ਉਸ ਤੋਂ ਦੋ ਦਿਨਾਂ ਬਾਅਦ ਉਸ ਨੇ ਇੱਕ ਹੋਰ ਵਿਅਕਤੀ ਨੂੰ ਹੋਰ 10 ਕਾਰਡ 95.88 ਡਾਲਰ ’ਚ ਵੇਚੇ। ਇਸ ਤਰ੍ਹਾਂ ਉਸ ਨੇ ਹੋਰ ਦਰਜਨਾਂ ਕਾਰਡ ਇਸ ਸਾਈਟ 'ਤੇ ਵੇਚ ਦਿੱਤੇ। ਜਹਾਓ ’ਤੇ ਸਰਕਾਰੀ ਪ੍ਰਾਪਰਟੀ ਦਸਤਾਵੇਜ਼ਾਂ ਦੀ ਚੋਰੀ ਦੇ 12 ਮਾਮਲਿਆਂ ਦੇ ਦੋਸ਼ ਲਾਏ ਗਏ ਹਨ ਅਤੇ ਦੋਸ਼ੀ ਹੋਣ ਦੀ ਸੂਰਤ ’ਚ ਉਸ ਨੂੰ ਹਰੇਕ ਮਾਮਲੇ ’ਚ 10 ਸਾਲ ਦੀ ਕੈਦ ਹੋ ਸਕਦੀ ਹੈ। ਸ਼ਿਕਾਗੋ ਐੱਫ. ਬੀ. ਆਈ. ਦੇ ਅਧਿਕਾਰੀਆਂ ਅਨੁਸਾਰ ਬਿਨਾਂ ਟੀਕਾਕਰਨ ਦੇ ਵਿਅਕਤੀਆਂ ਨੂੰ ਕੋਵਿਡ ਟੀਕਾਕਰਨ ਕਾਰਡ ਜਾਣਬੁੱਝ ਕੇ ਵੇਚਣਾ ਲੱਖਾਂ ਅਮਰੀਕੀਆਂ ਨੂੰ ਗੰਭੀਰ ਜੋਖਮ ’ਚ ਪਾਉਂਦਾ ਹੈ, ਇਸ ਲਈ ਇਹ ਇੱਕ ਗੰਭੀਰ ਜੁਰਮ ਹੈ। ਇਸ ਮਾਮਲੇ ਦੇ ਸਬੰਧ ’ਚ ਐੱਫ. ਬੀ. ਆਈ. ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਅਧਿਕਾਰੀ ਜਾਂਚ ਕਰ ਰਹੇ ਹਨ।


author

Manoj

Content Editor

Related News