ਅਜ਼ਾਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ''ਚ ਮੀਕਾ ਸਿੰਘ ਨੇ ਲਾਈ ਪੰਜਾਬੀ, ਹਿੰਦੀ ਗੀਤਾਂ ਦੀ ਝੜੀ
Tuesday, Sep 03, 2019 - 12:57 PM (IST)

ਵਰਜੀਨੀਆ (ਰਾਜ ਗੋਗਨਾ)- ਮਨੀਸ਼ ਸੂਦ ਜੋ ਕਲਚਰਲ ਪ੍ਰੋਗਰਾਮਾਂ ਦਾ ਬਾਦਸ਼ਾਹ ਹੈ। ਉਸ ਵਲੋਂ ਮੀਕਾ ਸਿੰਘ ਦੇ ਸ਼ੋਅ ਨੂੰ ਅਜ਼ਾਦੀ ਦਿਵਸ ਵਜੋਂ ਮਨਾਇਆ ਗਿਆ, ਜਿੱਥੇ ਮੈਟਰੋਪੁਲਿਟਨ ਵਾਸ਼ਿੰਗਟਨ ਡੀ.ਸੀ. ਦੇ ਸੈਨੇਟਰ, ਕਾਂਗਰਸਮੈਨ, ਕਾਉਂਟੀ ਅਗਜ਼ੈਕਟਿਵ, ਡਿਪਟੀ ਸੈਕਟਰੀ ਅਤੇ ਸਾਊਥ ਏਸ਼ੀਅਨ ਕਮਿਸ਼ਨਰਾਂ ਨੇ ਆਪਣੀ ਸ਼ਮੂਲੀਅਤ ਕਰਕੇ ਇਸ ਸ਼ੋਅ ਨੂੰ ਚਾਰ ਚੰਨ ਲਗਾਏ। ਮਨੀਸ਼ ਸੂਦ ਦੇ ਉਪਰਾਲੇ ਅਤੇ ਮਿਹਨਤ ਸਦਕਾ ਉਸ ਨੂੰ ਗਵਰਨਰ, ਸੈਨੇਟਰ ਤੇ ਕਾਂਗਰਸਮੈਨਜ਼ ਵਲੋਂ ਸਾਈਟੇਸ਼ਨ ਦਿੱਤੇ ਗਏ। ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ ਅਤੇ ਸਿੱਖਸ ਆਫ ਅਮਰੀਕਾ ਦੀ ਟੀਮ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਦੀ ਅਗਵਾਈ ਵਿੱਚ ਰਾਸ਼ਟਰੀ ਝੰਡੇ ਨੂੰ ਝੁਲਾਇਆ ਗਿਆ, ਜਿੱਥੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਉਪਰੰਤ ਗਭਰੂ ਤੇ ਮੁਟਿਆਰਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਜਿਉਂ ਹੀ ਮੀਕਾ ਸਿੰਘ ਨੇ ਸਟੇਜ ਸੰਭਾਲੀ ਸਾਰੇ ਪਾਸਿਉਂ ਤਾੜੀਆਂ ਦੀ ਗੂੰਜ ਨੇ ਪੂਰੇ ਪੰਡਾਲ ਨੂੰ ਹਿਲਾ ਕੇ ਰੱਖ ਦਿੱਤਾ। ਜਿੱਥੇ ਮੀਕਾ ਸਿੰਘ ਨੇ ਪੰਜਾਬੀ, ਹਿੰਦੀ ਗੀਤਾਂ ਦੀ ਝੜੀ ਲਗਾ ਕੇ ਪੂਰੇ ਪੰਡਾਲ ਨੂੰ ਝੂੰਮਣ ਲਾ ਦਿੱਤਾ, ਉੱਥੇ ਸਿੱਖਸ ਆਫ ਅਮਰੀਕਾ ਦੀ ਟੀਮ ਨੇ ਵੀ ਪੰਜਾਬੀ ਤਾਲ ਤੇ ਖੂਬ ਭੰਗੜੇ ਪਾਏ। ਜਸਦੀਪ ਸਿੰਘ ਜੱਸੀ ਵਲੋਂ ਮੀਕਾ ਸਿੰਘ ਨੂੰ ਗਵਰਨਰ ਮੈਰੀਲੈਂਡ ਵਲੋਂ ਭੇਜੇ ਸਾਈਟੇਸ਼ਨ ਨੂੰ ਪੜ੍ਹ ਕੇ ਸੁਣਾਇਆ। ਉਪਰੰਤ ਮੀਕਾ ਸਿੰਘ ਨੂੰ ਪੇਸ਼ ਕੀਤਾ।ਮੀਕਾ ਸਿੰਘ ਨੇ ਜਸੀ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦੇ ਸ਼ੋਅ ਦਾ ਸਾਰਾ ਰੈਵੀਨੀਉ ਪੰਜਾਬ ਦੇ ਹੜ੍ਹ ਪੀੜਤਾਂ ਲਈ ਖਾਲਸਾ ਏਡ ਨੂੰ ਦਿੱਤਾ ਜਾਵੇਗਾ।
ਵੱਖ-ਵੱਖ ਸਟਾਲਾਂ ਦਾ ਅਜਿਹਾ ਨਜ਼ਾਰਾ ਸੀ ਕਿ ਹਰ ਕੋਈ ਉੱਥੋਂ ਖ੍ਰੀਦੋ ਫਰੋਖਤ ਕਰ ਰਿਹਾ ਸੀ ਅਤੇ ਮੀਕਾ ਸਿੰਘ ਦੇ ਪ੍ਰੋਗਰਾਮ ਦਾ ਅਨੰਦ ਮਾਣ ਰਿਹਾ ਸੀ। ਮੀਕਾ ਸਿੰਘ ਨੇ ਸਿੱਖਸ ਆਫ ਅਮਰੀਕਾ ਦੀ ਟੀਮ ਨੂੰ ਸਟੇਜ ਤੇ ਬੁਲਾ ਕੇ ਉਨ੍ਹਾਂ ਨਾਲ ਭੰਗੜਾ ਪਾਇਆ ਜੋ ਕਾਬਲੇ ਤਾਰੀਫ ਸੀ। ਇਹ ਪ੍ਰੋਗਰਾਮ ਮਨੀਸ਼ ਸੂਦ ਦੀ ਸਮੁੱਚੀ ਟੀਮ ਦੀ ਮਿਹਨਤ ਸਦਕਾ ਬਹੁਤ ਕਾਮਯਾਬ ਰਿਹਾ।ਸਿੱਖਸ ਆਫ ਅਮਰੀਕਾ ਵੱਲੋਂ ਬਲਜਿੰਦਰ ਸਿੰਘ ਸ਼ੰਮੀ, ਗੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਗੁਰਚਰਨ ਸਿੰਘ , ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਜਸਦੀਪ ਸਿੰਘ ਜੱਸੀ ਚੇਅਰਮੈਨ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ।