ਅਮਰੀਕਾ : ''ਗੁਰਦਵਾਰਾ ਸਿੰਘ ਸਭਾ ਫਰਿਜ਼ਨੋ'' ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

Friday, Apr 13, 2018 - 01:26 PM (IST)

ਅਮਰੀਕਾ : ''ਗੁਰਦਵਾਰਾ ਸਿੰਘ ਸਭਾ ਫਰਿਜ਼ਨੋ'' ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਫਰਿਜ਼ਨੋ, (ਨੀਟਾ ਮਾਛੀਕੇ)— ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖ ਕੇ 'ਪੰਜਾਬੀ ਕਲਚਰਲ ਐਸੋਸੀਏਸ਼ਨ' ਦੇ ਉੱਦਮ ਸਦਕਾ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਚਾਰ ਰੋਜ਼ਾ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੌਕੇ ਖਾਲਸੇ ਦਾ ਸੰਕਲਪ ਅਤੇ ਬੁਨਿਆਦ ਸੰਬੰਧੀ ਲੰਘੇ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਸੈਮੀਨਰ ਵੀ ਕਰਵਾਇਆ ਗਿਆ। ਇਸ ਸੈਮੀਨਰ ਦੌਰਾਨ ਬੁਲਾਰਿਆਂ ਵਿੱਚ ਸੁਖਬੀਰ ਸਿੰਘ ਭੰਡਾਲ, ਸਰਬਜੀਤ ਸਿੰਘ ਸੈਕਰਾਮੈਂਟੋ, ਮਲਕੀਤ ਸਿੰਘ ਕਰਨਾਲ, ਹਰਜਿੰਦਰ ਸਿੰਘ ਸਭਰਾਂ, ਚਮਕੌਰ ਸਿੰਘ, ਪੱਤਰਕਾਰ ਸੁਰਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ। 
ਬੁਲਾਰਿਆਂ ਨੇ ਮੁੱਖ ਰੂਪ ਵਿੱਚ ਖਾਲਸੇ ਦਾ ਨਿਆਰਾਪਣ, ਖਾਲਸੇ ਦੀ ਅਜ਼ਾਦ ਹਸਤੀ, ਅਜੋਕੇ ਸਮਂੇ ਦੇ ਸਿੱਖ ਅਤੇ ਮਨਮਤੀ ਪ੍ਰਭਾਵ ਅਤੇ ਔਰਤ ਦਾ ਸਿੱਖ ਧਰਮ ਵਿੱਚ ਅਸਥਾਨ ਆਦਿ ਵਿਸ਼ਿਆਂ 'ਤੇ ਆਪਣੇ ਵਿਚਾਰ ਰੱਖੇ । ਇਸ ਮੌਕੇ ਸ.ਪਾਲ ਸਿੰਘ ਪੁਰੇਵਾਲ ਵੀ ਨਾਨਕਸ਼ਾਹੀ ਕਲੰਡਰ 'ਤੇ ਚਰਚਾ ਕਰਨ ਲਈ ਉਚੇਚੇ ਤੌਰ 'ਤੇ ਕੈਨੇਡਾ ਤੋਂ ਪੀ. ਸੀ. ਏ.(ਪੰਜਾਬੀ ਕਲਚਰਲ ਐਸੋਸੀਏਸ਼ਨ) ਦੇ ਸੱਦੇ 'ਤੇ ਪਹੁੰਚੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 60 ਸਾਲ ਤੋਂ ਲਗਾਤਾਰ ਨਾਨਕਸ਼ਾਹੀ ਕਲੰਡਰ 'ਤੇ ਕੰਮ ਕਰ ਰਹੇ ਹਨ । 
ਇਸ ਮੌਕੇ ਨਵੇਂ ਸਾਲ ਦਾ ਨਾਨਕਸ਼ਾਹੀ ਕਲੰਡਰ ਵੀ ਸੰਗਤਾਂ ਵੱਲੋਂ ਰਲੀਜ਼ ਕੀਤਾ ਗਿਆ। ਐਤਵਾਰ ਦੇ ਦੀਵਾਨ ਵਿੱਚ ਸੰਗਤ ਹੁੰਭ ਹੁੰਮਾ ਕੇ ਪਹੁੰਚੀ। ਇਸ ਦੀਵਾਨ ਦੌਰਾਨ ਭਾਈ ਸਰਬਜੀਤ ਸਿੰਘ ਜੀ ਸੁੰਦਰ ਨਗਰ ਵਾਲਿਆਂ ਦੇ ਜਥੇ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਭਾਈ ਮਲਕੀਤ ਸਿੰਘ ਮੁੱਖ ਸੇਵਾਦਾਰ ਅਤੇ ਭਾਈ ਹਰਜਿੰਦਰ ਸਿੰਘ ਸਭਰਾਂ ਨੇ ਕਥਾ ਰਾਹੀਂ ਸੰਗਤ ਨਾਲ ਗੁਰੂ ਸ਼ਬਦ ਦੀ ਸਾਂਝ ਪਾਈ ਅਤੇ ਗੁਰ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ। 
ਇਸ ਮੌਕੇ ਉੱਘੇ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕਲੰਡਰ ਸਬੰਧੀ ਸੰਗਤ ਨੂੰ ਜਾਗਰੂਕ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਪੀ. ਸੀ. ਏ. ਦੇ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਕਿਹਾ ਕਿ ਇਹ ਸਮਾਗਮ ਕਰਵਾਉਣ ਦਾ ਮਤਲਬ ਡੇਰੇਵਾਦ ਦੇ ਪ੍ਰਭਾਵ ਕਾਰਨ ਕੁਰਾਹੇ ਪਏ ਸਿੱਖਾਂ ਨੂੰ ਗੁਰਬਾਣੀ ਅਨੁਸਾਰ ਸਿੱਖੀ ਸਿਧਾਂਤ ਤੋਂ ਜਾਣੂ ਕਰਵਾਉਣਾ ਹੈ। ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਗੁਰੂ-ਘਰ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਨੇ ਬਾਖੂਬੀ ਕੀਤਾ। ਪੀ. ਸੀ. ਏ. ਮੈਂਬਰਾਂ ਨੇ ਸਮੂਹ ਸੰਗਤ ਅਤੇ ਗੁਰੂ-ਘਰ ਦੀ ਕਮੇਟੀ ਦਾ ਸਹਿਯੋਗ ਲਈ ਧੰਨਵਾਦ ਕੀਤਾ। ਗੁਰੂ ਘਰ ਅਤੇ ਪੀ. ਸੀ. ਏ. ਮੈਂਬਰਾਂ ਵੱਲੋਂ ਭਾਈ ਹਰਜਿੰਦਰ ਸਿੰਘ ਸਭਰਾਂ ਅਤੇ ਸ. ਪਾਲ ਸਿੰਘ ਪੁਰੇਵਾਲ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਅਖੀਰ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਪਿੱਛੋਂ ਗੁਰੂ ਕਾ ਲੰਗਰ ਅਤੁੱਟ ਵਰਤਿਆ।


Related News