ਪਾਲਤੂ ਕੁੱਤੇ ਨਾਲ ਖੇਡਣਾ ਵਿਅਕਤੀ ਨੂੰ ਪਿਆ ਭਾਰੀ, ਗਵਾਏ ਹੱਥ-ਪੈਰ
Wednesday, Aug 01, 2018 - 01:38 PM (IST)

ਵਾਸ਼ਿੰਗਟਨ (ਬਿਊਰੋ)— ਕੁੱਤੇ ਨੂੰ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ। ਅਮਰੀਕਾ ਵਿਚ ਇਕ ਵਿਅਕਤੀ ਨੂੰ ਪਾਲਤੂ ਕੁੱਤੇ ਨਾਲ ਪਿਆਰ ਕਰਨਾ ਇੰਨਾ ਮਹਿੰਗਾ ਪਿਆ ਕਿ ਉਸ ਦੇ ਹੱਥ-ਪੈਰ ਕੱਟਣੇ ਪਏ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ 48 ਸਾਲਾ ਗ੍ਰੇਗ ਮੇਂਟੇਫਲ ਕੁੱਤਿਆਂ ਦੇ ਸ਼ੁਕੀਨ ਹਨ। ਉਨ੍ਹਾਂ ਨੂੰ ਕੁੱਤਿਆਂ ਨਾਲ ਖੇਡਣਾ ਬਹੁਤ ਪਸੰਦ ਹੈ।
ਇਕ ਵਾਰ ਖੇਡ ਦੌਰਾਨ ਗ੍ਰੇਗ ਦੇ ਪਾਲਤੂ ਕੁੱਤੇ ਨੇ ਉਸ ਨੂੰ ਚਟਿਆ। ਥੋੜ੍ਹੇ ਦਿਨਾਂ ਬਾਅਦ ਹੀ ਉਸ ਦੀ ਸਿਹਤ ਖਰਾਬ ਹੋਣ ਲੱਗੀ। ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕੁੱਤੇ ਦੀ ਲਾਰ ਨਾਲ ਗ੍ਰੇਗ ਨੂੰ ਅਜਿਹਾ ਬੈਕਟੀਰੀਅਲ ਇਨਫੈਕਸ਼ਨ ਹੋਇਆ ਕਿ ਉਸ ਨੂੰ ਆਪਣੇ ਦੋਵੇਂ ਹੱਥ-ਪੈਰ ਗਵਾਉਣ ਪਏ। ਡਾਕਟਰਾਂ ਮੁਤਾਬਕ ਗ੍ਰੇਗ ਦੀ ਸਕਿਨ 'ਤੇ ਇਕ ਛੋਟੀ ਜਿਹੀ ਝਰੀਟ ਸੀ, ਜਿਸ 'ਤੇ ਕੁੱਤੇ ਨੇ ਚੱਟ ਲਿਆ ਅਤੇ ਉਹ ਇਨਫੈਕਸ਼ਨ ਦਾ ਸ਼ਿਕਾਰ ਹੋ ਗਿਆ। ਇਹ ਇਨਫੈਕਸ਼ਨ ਪੂਰੇ ਸਰੀਰ ਵਿਚ ਫੈਲ ਗਿਆ ਅਤੇ ਇਹ ਸੇਪਸਿਸ (ਬਲੱਡ ਇਨਫੈਕਸ਼ਨ ਸਬੰਧੀ ਬੀਮਾਰੀ) ਵਿਚ ਬਦਲ ਗਿਆ। ਗ੍ਰੇਗ ਦੀ ਜਾਨ ਬਚਾਉਣ ਲਈ ਡਾਕਟਰਾਂ ਨੇ ਆਪਰੇਸ਼ਨ ਕਰ ਕੇ ਉਸ ਦੇ ਹੱਥ-ਪੈਰ ਕੱਟ ਦਿੱਤੇ। ਇਨਫੈਕਸ਼ਨ ਕਾਰਨ ਗ੍ਰੇਗ ਦੀ ਨੱਕ ਨੂੰ ਵੀ ਨੁਕਸਾਨ ਪਹੁੰਚਿਆ। ਉਸ ਦੀ ਨੱਕ ਦੀ ਬਾਅਦ ਵਿਚ ਸਰਜਰੀ ਕੀਤੀ ਜਾਵੇਗੀ। ਫਿਲਹਾਲ ਆਪਰੇਸ਼ਨ ਮਗਰੋਂ ਗ੍ਰੇਗ ਦੀ ਤਬੀਅਤ ਵਿਚ ਸੁਧਾਰ ਹੈ। ਡਾਕਟਰਾਂ ਮੁਤਾਬਕ ਕੁਝ ਦਿਨਾਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।