ਟਰੰਪ ਦਾ ਜਰਮਨੀ ਨੂੰ ਝਟਕਾ, ਵਾਪਸ ਬੁਲਾਏਗਾ 6,400 ਸੈਨਿਕ

Thursday, Jul 30, 2020 - 06:24 PM (IST)

ਟਰੰਪ ਦਾ ਜਰਮਨੀ ਨੂੰ ਝਟਕਾ, ਵਾਪਸ ਬੁਲਾਏਗਾ 6,400 ਸੈਨਿਕ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਜਰਮਨੀ ਵਿਚੋਂ ਆਪਣੇ ਕਰੀਬ 6,400 ਸੈਨਿਕਾਂ ਨੂੰ ਵਾਪਸ ਬੁਲਾਏਗਾ ਅਤੇ ਕਰੀਬ 5,600 ਫੌਜੀਆਂ ਨੂੰ ਯੂਰਪ ਦੇ ਹੋਰ ਦੇਸ਼ਾਂ ਵਿਚ ਭੇਜੇਗਾ। ਇਸ ਤਰ੍ਹਾਂ ਕਰੀਬ 12,000 ਸੈਨਿਕ ਵਾਪਸ ਬੁਲਾਏ ਜਾਣਗੇ। ਅਮਰੀਕੀ ਰੱਖਿਆ ਨੇਤਾਵਾਂ ਨੇ ਪੇਂਟਾਗਨ ਦੀ ਇਕ ਯੋਜਨਾ ਦੇ ਇਕ ਬਾਰੇ ਵਿਚ ਵਿਸਥਾਰ ਨਾਲ ਦੱਸਦੇ ਹੋਏ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਯੋਜਨਾ 'ਤੇ ਅਰਬਾਂ ਡਾਲਰਾਂ ਦਾ ਖਰਚ ਆਵੇਗਾ ਅਤੇ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿਚ ਕਈ ਸਾਲ ਲੱਗਣਗੇ। ਇਹ ਫੈਸਲਾ ਡੋਨਾਲਡ ਟਰੰਪ ਦੀ ਜਰਮਨੀ ਤੋਂ ਸੈਨਿਕਾਂ ਨੂੰ ਵਾਪਸ ਬੁਲਾਉਣ ਦੀ ਇੱਛਾ ਨੂੰ ਦੇਖਦੇ ਹੋਏ ਲਿਆ ਗਿਆ ਹੈ। 

ਵੱਡੀ ਗਿਣਤੀ ਵਿਚ ਸੈਨਿਕ ਇਟਲੀ ਜਾਣਗੇ ਅਤੇ ਕੁਝ ਜਰਮਨੀ ਤੋਂ ਬੈਲਜੀਅਮ ਵਿਚ ਅਮਰੀਕੀ ਯੂਰਪੀ ਕਮਾਂਡ ਹੈੱਡਕੁਆਟਰ ਅਤੇ ਵਿਸ਼ੇਸ਼ ਮੁਹਿੰਮ ਕਮਾਂਡ ਯੂਰਪ ਜਾਣਗੇ। ਇਸ ਯੋਜਨਾ ਦਾ ਭਵਿੱਖ ਹਾਲੇ ਅਨਿਸ਼ਚਿਤ ਹੈ ਕਿਉਂਕਿ ਇਹ ਕਾਂਗਰਸ ਦੇ ਸਮਰਥਨ ਅਤੇ ਫੰਡਿੰਗ 'ਤੇ ਨਿਰਭਰ ਕਰਦਾ ਹੈ ਅਤੇ ਕਈ ਮੈਂਬਰਾਂ ਨੇ ਇਸ 'ਤੇ ਵਿਰੋਧ ਜ਼ਾਹਰ ਕੀਤਾ ਹੈ। ਸਾਂਸਦਾਂ ਨੇ ਸੈਨਿਕਾਂ ਦੀ ਗਿਣਤੀ ਵਿਚ ਕਟੌਤੀ ਦੀ ਨਿੰਦਾ ਕੀਤੀ ਹੈ। ਭਾਵੇਂਕਿ ਰੱਖਿਆ ਮੰਤਰੀ ਮਾਰਕ ਐਸਪਰ ਨੇ ਬੁੱਧਵਾਰ ਨੂੰ ਇਸ ਯੋਜਨਾ ਦਾ ਬਚਾਅ ਕਰਦਿਆ ਕਿਹਾ ਕਿ ਉਂਝ ਤਾਂ ਇਹ ਫੈਸਲਾ ਟਰੰਪ ਦੇ ਆਦੇਸ਼ ਦੇ ਬਾਅਦ ਲਿਆ ਗਿਆ ਹੈ ਪਰ ਇਹ ਰੂਸ ਨੂੰ ਰੋਕਣ, ਯੂਰਪੀ ਸਹਿਯੋਗੀਆਂ ਨੂੰ ਦੁਬਾਰਾ ਭਰੋਸਾ ਦਿਵਾਉਣ ਅਤੇ ਸੈਨਿਕਾਂ ਨੂੰ ਕਾਲਾ ਸਾਗਰ ਅਤੇ ਬਾਲਟਿਕ ਖੇਤਰਾਂ ਵਿਚ ਟਰਾਂਸਫਰ ਕਰਨ ਦੇ ਵਿਆਪਕ ਰਣਨੀਤਕ ਟੀਚਿਆਂ ਨੂੰ ਵੀ ਪੂਰਾ ਕਰਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਆਸਟ੍ਰੇਲੀਆ ਦੇ ਸਾਰੇ ਰਾਜਾਂ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ 

ਐਸਪਰ ਨੇ ਕਿਹਾ,''ਅਸੀਂ ਸੈਨਿਕਾਂ ਨੂੰ ਮੱਧ ਯੂਰਪ, ਜਰਮਨੀ ਤੋਂ ਹਟਾ ਰਹੇ ਹਾਂ ਜਿੱਥੇ ਇਹ ਸ਼ੀਤ ਯੁੱਧ ਦੇ ਬਾਅਦ ਤੋਂ ਸਨ। ਇਸ ਨਾਲ ਅਮਰੀਕੀ ਸੈਨਿਕ ਰੂਸ ਦੇ ਨੇੜੇ ਪੂਰਬ ਵਿਚ ਹੋਣਗੇ ਜਿੱਥੇ ਸਾਡੇ ਨਵੇਂ ਸਹਿਯੋਗੀ ਹਨ।'' ਫਿਲਹਾਲ ਟਰੰਪ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਅਸੀਂ ਸੈਨਿਕਾਂ ਦੀ ਗਿਣਤੀ ਘੱਟ ਕਰ ਰਹੇ ਹਾਂ ਕਿਉਂਕਿ ਉਹ (ਜਰਮਨੀ) ਆਪਣੇ ਬਿੱਲ ਨਹੀਂ ਚੁਕਾ ਰਿਹਾ ਹੈ। ਇਹ ਬਹੁਤ ਸਿੱਧੀ ਜਿਹੀ ਗੱਲ ਹੈ। ਉਹਨਾਂ 'ਤੇ ਕਾਫੀ ਬਕਾਇਆ ਹੈ।'' ਉਹਨਾਂ ਨੇ ਕਿਹਾ ਕਿ ਜੇਕਰ ਜਰਮਨੀ ਆਪਣੇ ਬਿੱਲ ਦੇਣੇ ਸ਼ੁਰੂ ਕਰ ਦੇਵੇ ਤਾਂ ਉਹ ਸੈਨਿਕਾਂ ਨੂੰ ਉੱਥੋਂ ਵਾਪਸ ਬੁਲਾਉਣ ਦੇ ਫੈਸਲੇ 'ਤੇ ਮੁੜ ਵਿਚਾਰ ਕਰ ਸਕਦੇ ਹਨ। 

ਇਸ ਵਿਚ ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਅਮਰੀਕਾ ਦੇ ਕਦਮ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਵਾਸ਼ਿੰਗਟਨ ਨੇ ਹਾਲ ਹੀ ਵਿਚ ਇਸ ਮਾਮਲੇ ਵਿਚ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ। ਉੱਥੇ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਜਰਮਨੀ ਦੇ ਰੱਖਿਆ ਖਰਚ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਵਧਿਆ ਹੈ ਅਤੇ ਦੇਸ਼ ਦੋ ਫੀਸਦੀ ਦੇ ਮਾਪਦੰਡ ਨੂੰ ਪੂਰਾ ਕਰਨ ਵੱਲ ਕੰਮ ਕਰਦਾ ਰਹੇਗਾ। ਨਾਟੋ ਦੇਸ਼ਾਂ ਨੇ 2024 ਤੱਕ ਆਪਣੇ ਕੁੱਲ ਘਰੇਲੂ ਉਤਪਾਦ ਦਾ ਦੋ ਫੀਸਦੀ ਰੱਖਿਆ 'ਤੇ ਖਰਚ ਕਰਨ ਦਾ ਸੰਕਲਪ ਲਿਆ ਹੈ ਅਤੇ ਜਰਮਨੀ ਇਸ ਟੀਚੇ ਤੋਂ ਹਾਲੇ ਵੀ ਪਿੱਛੇ ਹੈ।


author

Vandana

Content Editor

Related News