ਅਮਰੀਕਾ : ਕ੍ਰੇਨ ਡਿੱਗਣ ਕਾਰਨ 4 ਲੋਕਾਂ ਦੀ ਮੌਤ
Sunday, Apr 28, 2019 - 09:55 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਸ਼ਹਿਰ ਸੀਏਟਲ ਵਿਚ ਵਪਾਰਕ ਸਥਲ 'ਤੇ ਸ਼ਨੀਵਾਰ ਨੂੰ ਉਸਾਰੀ ਕੰਮ ਵਿਚ ਲੱਗੀ ਇਕ ਕ੍ਰੇਨ ਡਿੱਗ ਪਈ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਸੀਏਟਲ ਦੇ ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਚਾਰੇ ਲੋਕਾਂ ਦੀ ਮੌਤ ਹੋ ਗਈ ਸੀ। ਕ੍ਰੇਨ ਡਿੱਗਣ ਨਾਲ ਪੰਜ ਕਾਰਾਂ ਉਸ ਦੇ ਹੇਠਾਂ ਦੱਬੀਆਂ ਗਈਆਂ।
ਵਿਭਾਗ ਨੇ ਦੱਸਿਆ ਕਿ ਜ਼ਖਮੀ ਹੋਏ 3 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਦੁਪਹਿਰ ਕਰੀਬ 3 ਵਜੇ ਦੇ ਬਾਅਦ ਮਰਸਰ ਸਟ੍ਰੀਟ ਅਤੇ ਫੇਅਰਵਿਊ ਐਵੀਨਿਊ ਦੇ ਚੌਰਾਹੇ 'ਤੇ ਇੰਟਰਸਟੇਟ5 ਨੇੜੇ ਕ੍ਰੇਨ ਡਿੱਗ ਪਈ ਸੀ।
ਇਕ ਅੰਗਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ ਵਿਚ ਹਾਦਸਾਸਥਲ ਦੇ ਨੇੜੇ ਹੀ ਇਕ ਇਮਾਰਤ ਵਿਚ ਕੰਮ ਕਰਨ ਵਾਲੀ ਬਾਇਓਟੇਕ ਸ਼ੋਧ ਕਰਤਾ ਐਸਥਰ ਨੈਲਸਨ ਦੇ ਹਵਾਲੇ ਨਾਲ ਦੱਸਿਆ ਕਿ ਹਵਾ ਬਹੁਤ ਤੇਜ਼ ਗਤੀ ਨਾਲ ਚੱਲ ਰਹੀ ਸੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕ੍ਰੇਨ ਅੱਧ ਵਿਚਕਾਰੋਂ ਦੀ ਟੁੱਟ ਗਈ।