ਅਮਰੀਕਾ : ਕੋਰੋਨਾ ਦੀ ਦੂਜੀ ਲਹਿਰ ਖਤਰਨਾਕ, 99 ਫੀਸਦੀ ਸੈਪਂਲ ''ਚ ਵਾਇਰਸ ਨੇ ਬਦਲਿਆ ਰੂਪ

09/24/2020 6:23:00 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕਹਿਰ ਮਚਾ ਰਹੇ ਕੋਰੋਨਾਵਾਇਰਸ ਸਬੰਧੀ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਹਿਊਸਟਨ ਦੇ ਵਿਗਿਆਨੀਆਂ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 5 ਹਜ਼ਾਰ ਜੈਨੇਟਿਕ ਸੀਕਵੈਂਸ 'ਤੇ ਕੀਤੇ ਗਏ ਅਧਿਐਨ ਨੂੰ ਜਨਤਕ ਕੀਤਾ। ਇਸ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਇਹ ਵਾਇਰਸ ਮਿਊਟੇਸ਼ਨ ਨਾਲ ਲਗਾਤਾਰ ਰੂਪ ਬਦਲ ਰਿਹਾ ਹੈ ਜੋ ਇਸ ਨੂੰ ਹੋਰ ਖਤਰਨਾਕ ਬਣਾ ਰਿਹਾ ਹੈ।

ਵਿਗਿਆਨੀਆਂ ਨੇ ਪਾਇਆ ਕਿ ਕੋਰੋਨਾਵਾਇਰਸ ਮਿਊਟੇਸ਼ਨ ਅਜਿਹੇ ਸੰਕ੍ਰਮਿਤ ਮਰੀਜ਼ਾਂ ਵਿਚ ਮਿਲਿਆ, ਜਿਹਨਾਂ ਵਿਚ ਉੱਚ ਵਾਇਰਸ ਲੀਡ ਸੀ। ਇਸ ਅਧਿਐਨ ਨੂੰ ਬੁੱਧਵਾਰ ਨੂੰ ਪ੍ਰੀਪ੍ਰਿੰਟ ਸਰਵਰ ਮੇਡਰਿਕਸਿਵ (MedRxiv) 'ਤੇ ਪੋਸਟ ਕੀਤਾ ਗਿਆ। ਇਹ ਅਮਰੀਕਾ ਵਿਚ ਵਾਇਰਸ ਦੇ ਜੈਨੇਟਿਕ ਸੀਕਵੈਂਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੈਂਪਲ ਇਕੱਠ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗ੍ਰੇਟ ਬ੍ਰਿਟੇਨ ਵਿਚ ਇਸ ਨਾਲੋਂ ਵੱਡਾ ਜੈਨੇਟਿਕ ਸੀਕਵੈਂਸ ਪ੍ਰਕਾਸ਼ਿਤ ਕੀਤਾ ਗਿਆ ਸੀ।

1000 ਮਾਮਲਿਆਂ ਵਿਚੋਂ 99 ਫੀਸਦੀ ਵਿਚ ਮਿਊਟੇਸ਼ਨ
ਹਿਊਸਟਨ ਅਧਿਐਨ ਦੀ ਤਰ੍ਹਾਂ ਇਸ ਵਿਚ ਵੀ ਇਹ ਨਤੀਜਾ ਨਿਕਲਿਆ ਸੀ ਕਿ ਮਿਊਟੇਸ਼ਨ ਜੋ ਵਾਇਰਸ ਦੀ ਸਤਹਿ 'ਤੇ 'ਸਪਾਇਕ ਪ੍ਰੋਟੀਨ' ਦੀ ਬਣਾਵਟ ਨੂੰ ਬਦਲਦਾ ਹੈ, ਇਸ ਵਾਇਰਸ ਨੂੰ ਹੋਰ ਜ਼ਿਆਦਾ ਫੈਲਾਉਂਦਾ ਹੈ। ਹਿਊਸਟਨ ਅਤੇ ਆਲੇ-ਦੁਆਲੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿਚ ਦੇਖਿਆ ਗਿਆ ਕਿ ਕਰੀਬ 1000 ਮਾਮਲਿਆਂ ਵਿਚੋਂ 99 ਫੀਸਦੀ ਵਿਚ ਵਾਇਰਸ D614G ਮਿਊਟੇਸ਼ਨ ਪਾਇਆ ਗਿਆ। ਇਸ ਨੇ ਵਾਇਰਸ ਸਬੰਧੀ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਨਵੀਂ ਰਿਪੋਰਟ ਵਿਚ ਭਾਵੇਂਕਿ ਇਹ ਨਹੀਂ ਦੱਸਿਆ ਗਿਆ ਕਿ ਮਿਊਟੇਸ਼ਨ ਵਿਚ ਇਹ ਵਾਇਰਸ ਹੋਰ ਜ਼ਿਆਦਾ ਜਾਨਲੇਵਾ ਸਾਬਤ ਹੋਇਆ ਹੈ ਜਾਂ ਨਹੀਂ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਾਇਰਸ ਪਰਿਵਰਤਨਸ਼ੀਲ ਹੁੰਦੇ ਹਨ। ਸਾਰਸ ਕੋਵਿ-2 ਜਿਹੇ ਕੋਰੋਨਾਵਾਇਰਸ ਮੁਕਾਬਲਤਨ ਸਥਿਰ ਹੁੰਦੇ ਹਨ ਕਿਉਂਕਿ ਇਹਨਾਂ ਦੇ ਕੋਲ ਪ੍ਰਤੀਕ੍ਰਿਤੀ ਬਣਾਉਣ ਲਈ ਇਕ ਨਵਾਂ ਸਿਸਟਮ ਹੁੰਦਾ ਹੈ।

ਅਮਰੀਕਾ ਵਿਚ ਰੋਜ਼ਾਨਾ ਹਜ਼ਾਰਾਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਰਿਸਰਚ ਦੇ ਲੇਖਕ ਅਤੇ ਹਿਊਸਟਨ ਮੇਥੋਡਿਸਟ ਹਸਪਤਾਲ ਦੇ ਜੇਮਸ ਮੁਸਰ ਦਾ ਕਹਿਣਾ ਹੈ ਕਿ ਵਾਇਰਸ ਦੇ ਲਗਾਤਾਰ ਨਵਾਂ ਰੂਪ ਲੈਣ ਕਾਰਨ ਮੁਸ਼ਕਲਾਂ ਵੱਧ ਰਹੀਆਂ ਹਨ। ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਅਸੀਂ ਇਸ ਵਾਇਰਸ ਨੂੰ ਬਹੁਤ ਮੌਕਾ ਦੇ ਦਿੱਤਾ ਹੈ। ਹਾਲੇ ਵੀ ਵੱਡੀ ਗਿਣਤੀ ਵਿਚ ਲੋਕ ਇਸ ਦਾ ਸ਼ਿਕਾਰ ਬਣ ਸਕਦੇ ਹਨ। ਉੱਥੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ ਡਿਜੀਜ਼ ਦੇ ਵਾਇਰੋਲੌਜੀਸਟ ਡੇਵਿਡ ਮੋਰੇਂਸ ਕਹਿੰਦੇ ਹਨ ਕਿ ਵਾਇਰਸ ਲੋਕਾਂ ਵਿਚ ਫੈਲਣ ਦੇ ਨਾਲ ਹੀ ਹੋਰ ਜ਼ਿਆਦਾ ਛੂਤਕਾਰੀ ਹੋ ਗਿਆ। ਹੁਣ ਇਸ ਨੂੰ ਕੰਟਰੋਲ ਕਰਨ ਲਈ ਸਾਨੂੰ ਜ਼ਬਰਦਸਤ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। 

ਰਿਸਰਚ ਨਾਲ ਪਤਾ ਚੱਲਦਾ ਹੈ ਕਿ ਵਾਇਰਸ ਹਿਊਸਟਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਦੂਜੀ ਲਹਿਰ ਦੇ ਤੌਰ 'ਤੇ ਫੈਲ ਗਿਆ ਹੈ। ਪਹਿਲੇ ਦੌਰ ਵਿਚ ਇਸ ਨੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਸੀ ਪਰ ਦੂਜੀ ਲਹਿਰ ਵਿਚ ਇਸ ਨੇ ਨੌਜਵਾਨਾਂ ਅਤੇ ਘੱਟ ਉਮਰ ਵਰਗ ਦੇ ਲੋਕਾਂ ਨੂੰ ਆਪਣੀ ਚਪੇਟ ਵਿਚ ਲਿਆ ਹੈ।
 


Vandana

Content Editor

Related News