ਵੈਕਸੀਨ ਨਾਲ ਵੀ ਅਮਰੀਕਾ ''ਚ ਖਤਮ ਨਹੀਂ ਹੋਵੇਗਾ ਕੋਰੋਨਾ : ਡਾਕਟਰ ਫੌਸੀ
Monday, Jun 29, 2020 - 06:02 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸੀਨੀਅਰ ਛੂਤਕਾਰੀ ਰੋਗ ਮਾਹਰ ਅਤੇ ਕੋਰੋਨਾ ਕੰਟਰੋਲ ਦੇ ਲਈ ਬਣਾਈ ਗਈ ਸਰਕਾਰੀ ਕਮੇਟੀ ਵਿਚ ਸ਼ਾਮਲ ਡਾਕਟਰ ਐਨਥਨੀ ਫੌਸੀ ਨੇ ਇਕ ਚਿਤਾਵਨੀ ਦਿੱਤੀ ਹੈ। ਚਿਤਾਵਨੀ ਮੁਤਾਬਕ ਵੈਕਸੀਨ ਤਿਆਰ ਹੋਣ ਦੇ ਬਾਅਦ ਵੀ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਬਚੇ ਰਹਿਣ ਦਾ ਖਦਸ਼ਾ ਰਹੇਗਾ। ਸੀ.ਐੱਨ.ਐੱਨ. ਦੀ ਰਿਪੋਰਟ ਦੇ ਮੁਤਾਬਕ ਫੌਸੀ ਨੇ ਕਿਹਾ ਕਿ ਅਮਰੀਕਾ ਦੇ ਕਾਫੀ ਲੋਕ ਅਜਿਹਾ ਕਹਿ ਰਹੇ ਹਨ ਕਿ ਉਹ ਕੋਰੋਨਾ ਵੈਕਸੀਨ ਨਹੀਂ ਲਗਵਾਉਣਗੇ। ਇਸ ਕਾਰਨ ਵੀ ਅਮਰੀਕਾ ਵਿਚ ਹਰਡ ਇਮਿਊਨਿਟੀ ਹਾਸਲ ਨਾ ਹੋਣ ਦਾ ਖਦਸ਼ਾ ਰਹੇਗਾ।
ਡਾਕਟਰ ਐਨਥਨੀ ਫੌਸੀ ਨੇ ਇਹ ਵੀ ਕਿਹਾ ਕਿ ਉਹ ਕੋਰੋਨਾਵਾਇਰਸ ਦੀ ਉਸ ਵੈਕਸੀਨ ਦੀ ਵਰਤੋਂ ਕਰਨੀ ਚਾਹੁਣਗੇ ਜੋ ਟ੍ਰਾਇਲ ਦੇ ਦੌਰਾਨ ਘੱਟੋ-ਘੱਟੋ 70 ਤੋਂ 75 ਫੀਸਦੀ ਤੱਕ ਪ੍ਰਭਾਵੀ ਸਾਬਤ ਹੁੰਦੀ ਹੈ। ਮਾਹਰ ਦਾ ਕਹਿਣਾ ਹੈ ਕਿ ਜੇਕਰ ਇਕ ਪ੍ਰਭਾਵੀ ਵੈਕਸੀਨ ਲਗਾਉਣ ਦੇ ਬਾਅਦ ਕਿਸੇ ਕਮਿਊਨਿਟੀ ਦੇ 60 ਫੀਸਦੀ ਲੋਕ ਇਮਿਊਨ ਹੋ ਜਾਂਦੇ ਹਨ ਤਾਂ ਉੱਥੇ ਹਰਡ ਇਮਿਊਨਿਟੀ ਹੋ ਜਾਵੇਗੀ। ਇਸ ਨਾਲ ਵਾਇਰਸ ਦੀ ਚੇਨ ਟੁੱਟ ਜਾਵੇਗੀ ਅਤੇ ਇਨਫੈਕਸ਼ਨ ਰੁੱਕ ਜਾਵੇਗਾ।
ਪਿਛਲੇ ਮਹੀਨੇ ਸੀ.ਐੱਨ.ਐੱਨ. ਦੇ ਇਕ ਸਰਵੇ ਵਿਚ ਦਿਖਾਇਆ ਗਿਆ ਸੀ ਕਿ ਅਮਰੀਕਾ ਦੇ ਇਕ ਤਿਹਾਈ ਲੋਕ ਵੈਕਸੀਨ ਨਹੀਂ ਲਗਵਾਉਣਗੇ। ਉਦੋਂ ਵੀ ਜਦੋਂ ਵੈਕਸੀਨ ਸਸਤੀ ਹੋਵੇ ਅਤੇ ਆਸਾਨੀ ਨਾਲ ਉਪਲਬਧ ਹੋ ਜਾਵੇ। ਉੱਥੇ ਫੌਸੀ ਤੋਂ ਜਦੋਂ ਪੁੱਛਿਆ ਗਿਆ ਕਿ ਜੇਕਰ 70 ਤੋਂ 75 ਫੀਸਦੀ ਪ੍ਰਭਾਵੀ ਵੈਕਸੀਨ, ਆਬਾਦੀ ਦੇ ਦੋ ਤਿਹਾਈ ਲੋਕਾਂ ਨੂੰ ਲਗਾਈ ਜਾਂਦੀ ਹੈ ਤਾਂ ਕੀ ਹਰਡ ਇਮਿਊਨਿਟੀ ਹਾਸਲ ਹੋਵੇਗੀ। ਉਹਨਾਂ ਨੇ ਕਿਹਾ ਕਿ ਨਹੀਂ, ਇਸ ਦੀ ਸੰਭਾਵਨਾ ਘੱਟ ਹੈ।
ਪੜ੍ਹੋ ਇਹ ਅਹਿਮ ਖਬਰ- ਵਾਸ਼ਿੰਗਟਨ 'ਚ ਸਿੱਖ ਭਾਈਚਾਰੇ ਨੇ ਲੋੜਵੰਦਾਂ ਲਈ ਸ਼ੁਰੂ ਕੀਤੀ ਲੰਗਰ ਸੇਵਾ
ਫੌਸੀ ਨੇ ਕਿਹਾ ਕਿ ਅਮਰੀਕਾ ਦੇ ਕੁਝ ਲੋਕਾਂ ਦੇ ਵਿਚ ਐਂਟੀ ਸਾਈਂਸ, ਐਂਟੀ ਅਥਾਰਿਟੀ, ਐਂਟੀ ਵੈਕਸੀਨ ਦਾ ਮਾਹੌਲ ਬਣ ਰਿਹਾ ਹੈ। ਉਹਨਾਂ ਨੇ ਕਿਹਾ ਕਿ ਐਂਟੀ ਵੈਕਸੀਨ ਅੰਦੋਲਨ ਨੂੰ ਦੇਖਦੇ ਹੋਏ ਅਸੀਂ ਹਾਲੇ ਕਾਫੀ ਕੰਮ ਕਰਨਾ ਹੈ ਤਾਂ ਜੋ ਲੋਕਾਂ ਨੂੰ ਵੈਕਸੀਨ ਦੀ ਸੱਚਾਈ ਦੇ ਬਾਰੇ ਵਿਚ ਦੱਸਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਪਰ ਇਹ ਆਸਾਨ ਨਹੀਂ ਹੋਵੇਗਾ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਨਫੈਕਸ਼ਨ ਡਿਜੀਜ਼ ਦੇ ਡਾਇਰੈਕਟਰ ਡਾਕਟਰ ਐਨਥਨੀ ਫੌਸੀ ਨੇ ਕਿਹਾ,''ਖਸਰੇ ਦੇ ਮਾਮਲੇ ਵਿਚ ਸਾਨੂੰ 97 ਤੋਂ 98 ਫੀਸਦੀ ਪ੍ਰਭਾਵੀ ਵੈਕਸੀਨ ਮਿਲੀ ਸੀ। ਇਸ ਵਾਰ ਵੀ ਜੇਕਰ ਅਜਿਹਾ ਹੋਵੇਗਾ ਤਾਂ ਬਹੁਤ ਚੰਗਾ ਰਹੇਗਾ ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਅਜਿਹਾ ਕਰ ਪਾਵਾਂਗੇ। ਕੋਰੋਨ ਵੈਕਸੀਨ ਦੇ 70 ਤੋਂ 75 ਫੀਸਦੀ ਪ੍ਰਭਾਵੀ ਹੋਣ 'ਤੇ ਮੈਂ ਇਸ ਦੀ ਵਰਤੋਂ ਕਰਨਾ ਚਾਹਾਂਗਾ।''