ਅਮਰੀਕਾ ''ਚ 91 ਸਾਲ ਦੀ ਉਮਰ ''ਚ ਵੀ ਪੁਲਸ ਅਧਿਕਾਰੀ ਨਿਭਾ ਰਿਹਾ ਹੈ ਸੇਵਾਵਾਂ
Thursday, Mar 11, 2021 - 10:28 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਇੱਕ ਵਿਅਕਤੀ 91 ਸਾਲ ਉਮਰ ਹੋਣ ਦੇ ਬਾਵਜੂਦ ਪੁਲਸ ਵਿਭਾਗ ਦੀ ਸੇਵਾ ਕਰ ਰਿਹਾ ਹੈ। ਦੇਸ਼ ਦੇ ਸੂਬੇ ਅਰਕਨਸਾਸ ਦੇ ਕੈਮਡੇਨ ਵਿੱਚ ਉਹ ਬਿਨਾਂ ਨਿਸ਼ਾਨ ਦੀ ਪੁਲਸ ਦੀ ਕਾਰ ਵਿੱਚ ਘੁੰਮਦਾ ਹੈ ਅਤੇ ਕੈਮਡੇਨ ਵਿੱਚ ਹਰ ਕੋਈ ਉਸ ਦਾ ਨਾਮ ਜਾਣਦਾ ਹੈ। ਇਸ ਵਿਅਕਤੀ ਦਾ ਨਾਮ ਹੈ ਐਲ.ਸੀ. "ਬਕਸ਼ਾਟ" ਸਮਿਥ ਹੈ ਜੋ ਕਿ ਰਾਜ ਦਾ ਸਭ ਤੋਂ ਪੁਰਾਣਾ ਪੁਲਸ ਅਧਿਕਾਰੀ ਹੈ, ਜਿਸ ਦੀ ਉਮਰ 91 ਸਾਲ ਹੈ।
ਸਮਿਥ ਅਨੁਸਾਰ ਬੈਜ ਅਤੇ ਬੰਦੂਕ ਕਿਸੇ ਵਿਅਕਤੀ ਨੂੰ ਇੱਕ ਪੁਲਸ ਅਧਿਕਾਰੀ ਨਹੀਂ ਬਣਾਉਂਦੇ ਸਗੋਂ ਤੁਹਾਨੂੰ ਲੋਕਾਂ ਦਾ ਆਦਰ ਕਰਨਾ ਚਾਹੀਦਾ ਹੈ।ਸਮਿਥ ਨੇ ਓੁਚੀਤਾ ਕਾਉਂਟੀ ਸ਼ੈਰਿਫ ਵਿਭਾਗ ਲਈ ਚਾਰ ਦਹਾਕਿਆਂ ਤੋਂ ਵੱਧ ਕੰਮ ਕਰਕੇ ਆਪਣੀ ਪ੍ਰਸਿੱਧੀ ਪ੍ਰਾਪਤ ਕੀਤੀ, ਜਿੱਥੇ ਉਸ ਨੂੰ ਬਚਪਨ ਦੇ ਉਪਨਾਮ "ਬਕਸ਼ਾਟ" ਦੁਆਰਾ ਜਾਣਿਆ ਗਿਆ। ਇੱਕ ਡਿਪਟੀ ਦੇ ਰੂਪ ਵਿੱਚ 46 ਸਾਲਾ ਬਾਅਦ, ਉਹ ਸਿਰਫ ਪੰਜ ਮਹੀਨਿਆਂ ਲਈ ਸੇਵਾਮੁਕਤ ਹੋਇਆ, ਜਿਸ ਦੌਰਾਨ ਉਸ ਨੂੰ ਆਪਣੀ ਜ਼ਿੰਦਗੀ ਬੇਕਾਰ ਲੱਗੀ। ਇਸ ਲਈ ਆਪਣੇ 80 ਦੇ ਦਹਾਕੇ ਵਿੱਚ, ਉਸ ਨੇ ਕੈਮਡੇਨ ਪੁਲਸ ਵਿਭਾਗ ਵਿੱਚ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ।
ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ : ਖੱਡ 'ਚ ਡਿੱਗੀ ਬੱਸ, 27 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖਮੀ
ਮੇਅਰ ਜੂਲੀਅਨ ਲੋਟ ਅਨੁਸਾਰ ਸਮਿੱਥ ਕੋਲ ਹਥਿਆਰ ਹੁੰਦਾ ਹੈ ਪਰ ਉਹ ਇਸ ਦੀ ਵਰਤੋਂ ਨਹੀ ਕਰਦਾ ਕਿਉਂਕਿ ਉਹ ਕਾਉਂਟੀ ਵਿੱਚ ਸਭ ਨੂੰ ਜਾਣਦਾ ਹੈ।ਸਮਿਥ ਅਨੁਸਾਰ ਉਸ ਨੇ ਆਪਣੇ ਕੈਰੀਅਰ ਦੌਰਾਨ ਲੋਕਾਂ ਨੂੰ ਜੇਲ੍ਹ ਭੇਜਣ ਨਾਲੋਂ ਸਹੀ ਸੇਧ ਦੇ ਕੇ ਘਰ ਭੇਜਿਆ ਹੈ। ਸਮਿੱਥ ਨੇ ਦੱਸਿਆ ਕਿ ਉਹ ਅਜੇ ਰਿਟਾਇਰ ਨਹੀ ਹੋਣਾ ਚਾਹੁੰਦਾ ਹੈ ਅਤੇ ਸ਼ਹਿਰ ਵਿੱਚ ਗਸ਼ਤ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ।