ਅਮਰੀਕਾ ਜਲਦੀ ਹੀ ਯੂਕ੍ਰੇਨ ਨੂੰ ਚਾਰ ਹੋਰ ਐਡਵਾਂਸ ਰਾਕੇਟ ਸਿਸਟਮ ਦੇਵੇਗਾ
Tuesday, Oct 04, 2022 - 05:29 PM (IST)
 
            
            ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਜਲਦੀ ਹੀ ਯੂਕ੍ਰੇਨ ਨੂੰ ਚਾਰ ਹੋਰ ਐਡਵਾਂਸ ਰਾਕੇਟ ਸਿਸਟਮ ਮੁਹੱਈਆ ਕਰਾਏਗਾ ਤਾਂ ਕਿ ਰੂਸ ਦੇ ਨਾਲ ਜੰਗ ਵਿੱਚ ਉਹ ਬੜ੍ਹਤ ਹਾਸਲ ਕਰ ਸਕੇ। ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 'ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ' ਮੰਗਲਵਾਰ ਨੂੰ ਐਲਾਨੇ ਜਾਣ ਵਾਲੇ 62.4 ਕਰੋੜ ਅਮਰੀਕੀ ਡਾਲਰ ਦੇ ਸਹਾਇਤਾ ਪੈਕੇਜ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਜੁਲਾਈ ਦੇ ਅੰਤ ਤੱਕ ਯੂਕ੍ਰੇਨ ਨੂੰ ਅਜਿਹੇ 16 ਰਾਕੇਟ ਪ੍ਰਣਾਲੀਆਂ ਦੀ ਸਪਲਾਈ ਕੀਤੀ ਸੀ।
ਇਹ ਪ੍ਰਣਾਲੀ ਰੂਸੀ ਹਮਲਿਆਂ ਨੂੰ ਰੋਕਣ ਵਿੱਚ ਯੂਕ੍ਰੇਨ ਲਈ ਬਹੁਤ ਮਦਦਗਾਰ ਸਾਬਤ ਹੋਈ ਹੈ। ਇਸ ਪ੍ਰਣਾਲੀ ਨਾਲ, ਯੂਕ੍ਰੇਨ ਨੇ ਉਨ੍ਹਾਂ ਪੁਲਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਦੀ ਵਰਤੋਂ ਰੂਸ ਨੇ ਆਪਣੇ ਸੈਨਿਕਾਂ ਨੂੰ ਸਪਲਾਈ ਕਰਨ ਲਈ ਕੀਤੀ ਹੈ। ਇਸ ਤੋਂ ਬਾਅਦ ਯੂਕ੍ਰੇਨ ਦੀ ਫ਼ੌਜ ਨੇ ਉਨ੍ਹਾਂ ਇਲਾਕਿਆਂ 'ਚ ਆਪਣੀ ਬੜ੍ਹਤ ਬਣਾਈ ਹੈ, ਜਿੱਥੇ ਰੂਸੀ ਫੌਜਾਂ ਦਾ ਕਬਜ਼ਾ ਹੋ ਗਿਆ ਸੀ। ਨਵੇਂ ਸਹਾਇਤਾ ਪੈਕੇਜ ਵਿੱਚ ਯੂਕ੍ਰੇਨੀ ਸੈਨਿਕਾਂ ਲਈ ਹੋਰ ਅਸਲਾ ਅਤੇ ਸਾਜ਼ੋ-ਸਾਮਾਨ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            