ਅਮਰੀਕਾ ਗਰਭਵਤੀ ਔਰਤਾਂ ਲਈ ਵੀਜ਼ਾ 'ਤੇ ਲਗਾਏਗਾ ਪਾਬੰਦੀ
Thursday, Jan 23, 2020 - 01:52 AM (IST)

ਵਾਸ਼ਿੰਗਟਨ (ਏ.ਪੀ.)- ਟਰੰਪ ਪ੍ਰਸ਼ਾਸਨ ਵੀਜ਼ਾ 'ਤੇ ਕੁਝ ਨਵੀਂ ਪਾਬੰਦੀਆਂ ਲਗਾਉਣ ਜਾ ਰਿਹਾ ਹੈ। ਇਸ ਦੇ ਤਹਿਤ ਅਜਿਹੀਆਂ ਔਰਤਾਂ 'ਤੇ ਬੰਦਿਸ਼ਾਂ ਲਗਾਈਆਂ ਜਾਣਗੀਆਂ, ਜੋ ਬੱਚਿਆਂ ਨੂੰ ਜਨਮ ਦੇਣ ਲਈ ਅਮਰੀਕਾ ਜਾਣਾ ਚਾਹੁੰਦੀਆਂ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕੀ ਪਾਸਪੋਰਟ ਮਿਲ ਸਕੇ। ਘਟਨਾਕ੍ਰਮ ਤੋਂ ਵਾਕਫ ਦੋ ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ ਵਿਭਾਗ ਵੀਰਵਾਰ ਨੂੰ ਇਸ ਨਿਯਮ ਨੂੰ ਜਾਰੀ ਕਰੇਗਾ। ਨਵੇਂ ਨਿਯਮ ਨਾਲ ਗਰਭਵਤੀ ਔਰਤਾਂ ਲਈ ਸੈਲਾਨੀ ਵੀਜ਼ਾ 'ਤੇ ਯਾਤਰਾ ਕਰਨਾ ਮੁਸ਼ਕਲ ਹੋਵੇਗਾ। ਨਿਯਮ ਦੇ ਇਕ ਡਰਾਫਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਵੀਜ਼ਾ ਹਾਸਲ ਕਰਨ ਲਈ ਕਾਉਂਸਲਰ ਅਫਸਰ ਨੂੰ ਸਮਝਾਉਣਾ ਪਵੇਗਾ ਕਿ ਅਮਰੀਕਾ ਆਉਣ ਲਈ ਉਨ੍ਹਾਂ ਕੋਲ ਕੋਈ ਹੋਰ ਵਾਜਬ ਕਾਰਨ ਹੈ।
ਪ੍ਰਸ਼ਾਸਨ ਇੰਮੀਗ੍ਰੇਸ਼ਨ ਦੇ ਸਾਰੇ ਫਾਰਮੈਟ 'ਤੇ ਬੰਦਿਸ਼ਾਂ ਲਗਾ ਰਿਹਾ ਹੈ ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਾਸ ਕਰਕੇ ਜਨਮਜਾਤ ਨਾਗਰਿਕਤਾ ਦੇ ਮੁੱਦੇ 'ਤੇ ਸਖ਼ਤ ਰੁਖ ਅਪਣਾਇਆ ਹੈ। ਇਸ ਦੇ ਤਹਿਤ ਗੈਰ ਅਮਰੀਕੀ ਨਾਗਰਿਕਾਂ ਦੇ ਬੱਚਿਆਂ ਨੂੰ ਅਮਰੀਕਾ ਵਿਚ ਜਨਮ ਲੈਣ ਦੇ ਨਾਲ ਮਿਲਣ ਵਾਲੀ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰਨਾ ਹੈ। ਬਰਥ ਟੂਰਿਜ਼ਮ ਅਮਰੀਕਾ ਅਤੇ ਵਿਦੇਸ਼ਾਂ ਵਿਚ ਕਾਫੀ ਵੱਧ ਰਿਹਾ ਹੈ। ਅਮਰੀਕੀ ਕੰਪਨੀਆਂ ਇਸ ਦੇ ਲਈ ਇਸ਼ਤਿਹਾਰ ਵੀ ਦਿੰਦੀਆਂ ਹਨ ਅਤੇ ਹੋਟਲ ਦੇ ਕਮਰੇ ਅਤੇ ਡਾਕਟਰੀ ਸਹੂਲਤ ਆਦਿ ਲਈ 80,000 ਡਾਲਰ ਤੱਕ ਵਸੂਲਦੀ ਹੈ। ਰੂਸ ਅਤੇ ਚੀਨ ਵਰਗੇ ਦੇਸ਼ਾਂ ਤੋਂ ਕਈ ਔਰਤਾਂ ਬੱਚੇ ਨੂੰ ਜਨਮ ਦੇਣ ਲਈ ਅਮਰੀਕਾ ਆਉਂਦੀਆਂ ਹਨ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ ਹੀ ਅਮਰੀਕਾ ਇਸ ਤਰ੍ਹਾਂ ਦੇ ਚਲਨ ਦੇ ਖਿਲਾਫ ਕਦਮ ਚੁੱਕ ਰਿਹਾ ਹੈ।