ਅਮਰੀਕਾ : ਕਲੋਵਿਸ ’ਚ ਬੇਕਾਬੂ ਕਾਰ ਹੋਈ ਹਾਦਸਾਗ੍ਰਸਤ, ਅੱਗ ਲੱਗਣ ਨਾਲ ਮਚੀ ਹਫੜਾ-ਦਫੜੀ

Tuesday, May 18, 2021 - 11:03 PM (IST)

ਅਮਰੀਕਾ : ਕਲੋਵਿਸ ’ਚ ਬੇਕਾਬੂ ਕਾਰ ਹੋਈ ਹਾਦਸਾਗ੍ਰਸਤ, ਅੱਗ ਲੱਗਣ ਨਾਲ ਮਚੀ ਹਫੜਾ-ਦਫੜੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਕਲੋਵਿਸ ’ਚ ਐਤਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਬੁਲਾਰਡ ਅਤੇ ਡੀ ਵੁਲਫ ਦੇ ਰਸਤੇ ’ਚ ਇੱਕ ਕਾਰ ਦੁਰਘਟਨਾਗ੍ਰਸਤ ਹੋ ਕੇ ਬਿਜਲੀ ਦੇ ਖੰਭੇ ’ਚ ਜਾ ਵੱਜੀ। ਇਸ ਹਾਦਸੇ ਕਾਰਨ ਬਿਜਲੀ ਦੀਆਂ ਲਾਈਨਾਂ  ਵਿੱਚ ਵਿਘਨ ਪੈਣ ਕਰਕੇ ਲੱਗਭਗ 4000 ਘਰਾਂ ਦੀ ਬਿਜਲੀ ਬੰਦ ਹੋ ਗਈ। ਇਸ ਤੋਂ ਇਲਾਵਾ ਇਸ ਹਾਦਸੇ ਕਾਰਨ ਸੜਕ ’ਤੇ ਅੱਗ ਵੀ ਲੱਗ ਗਈ, ਜਿਸ ਨਾਲ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਕਲੋਵਿਸ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਔਰਤ ਡਰਾਈਵਰ ਬੁਲਾਰਡ ਤੋਂ ਡੀ ਵੁਲਫ ’ਤੇ ਦੱਖਣ ਵੱਲ ਜਾ ਰਹੀ ਸੀ, ਜੋ ਕਿਸੇ ਮੈਡੀਕਲ ਐਮਰਜੈਂਸੀ ਕਰਕੇ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠੀ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਬਿਜਲੀ ਦੀਆਂ ਲਾਈਨਾਂ ਹੇਠਾਂ ਡਿੱਗ ਪਈਆਂ ਅਤੇ ਲਾਂਘੇ ’ਚ ਇੱਕ ਰਿਹਾਇਸ਼ੀ ਖੇਤ ’ਚ ਅੱਗ ਲੱਗ ਗਈ।

ਇਸ ਹਾਦਸੇ ਬਾਰੇ ਬਿਜਲੀ ਕੰਪਨੀ ਪੀ. ਜੀ. ਐਂਡ ਈ. ਦੇ ਅਧਿਕਾਰੀਆਂ ਨੇ ਬਿਜਲੀ ਦੇ ਖੰਭੇ ਨੂੰ ਸੁਰੱਖਿਅਤ ਕਰਨ ਦੇ ਨਾਲ ਲਾਈਨ ਨੂੰ ਚਾਲੂ ਕਰਨ ਲਈ ਕੰਮ ਕੀਤਾ ਅਤੇ ਪੀ. ਜੀ. ਐਂਡ ਈ. ਦੀ ਵੈੱਬਸਾਈਟ ਦੇ ਅਨੁਸਾਰ, ਜ਼ਿਆਦਾਤਰ ਘਰਾਂ ਦੀ ਬਿਜਲੀ ਸੇਵਾ ਬਹਾਲ ਹੋ ਗਈ ਸੀ। ਇਸ ਹਾਦਸੇ ਦੇ ਹੋਣ ਤੋਂ ਬਾਅਦ ਕੈਲੀਫੋਰਨੀਆ ਹਾਈਵੇ ਪੈਟਰੋਲ, ਕਲੋਵਿਸ ਪੁਲਸ ਅਤੇ ਕਲੋਵਿਸ ਫਾਇਰ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਸਥਿਤੀ ਨੂੰ ਸੰਭਾਲਿਆ।


author

Manoj

Content Editor

Related News