ਅਮਰੀਕਾ ਦੇ ਚੋਟੀ ਦੇ ਅੱਤਵਾਦ ਰੋਕੂ ਅਧਿਕਾਰੀ ਟਿਮੋਥੀ ਬੇਟਸ ਅਗਲੇ ਹਫ਼ਤੇ ਕਰਨਗੇ ਭਾਰਤ ਦਾ ਦੌਰਾ
Friday, Dec 09, 2022 - 03:59 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਚੋਟੀ ਦੇ ਅੱਤਵਾਦ ਰੋਕੂ ਅਧਿਕਾਰੀ ਟਿਮੋਥੀ ਬੇਟਸ ਅਗਲੇ ਹਫ਼ਤੇ ਅਮਰੀਕਾ-ਭਾਰਤ ਅੱਤਵਾਦ ਰੋਕੂ ਸੰਯੁਕਤ ਕਾਰਜ ਸਮੂਹ ਦੀ ਸਾਲਾਨਾ ਬੈਠਕ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਜਾਣਗੇ। ਇਸ ਬੈਠਕ ਵਿਚ ਖੇਤਰੀ ਅਤੇ ਗਲੋਬਲ ਅੱਤਵਾਦੀ ਖ਼ਤਰੇ ਦਾ ਮੁਲਾਂਕਣ ਅਤੇ ਕਾਨੂੰਨ ਲਾਗੂ ਕਰਨ ਅਤੇ ਨਿਆਂਇਕ ਭਾਈਵਾਲੀ ਨੂੰ ਮਜ਼ਬੂਤ ਕਰਨ ਸਬੰਧੀ ਪਹਿਲਕਦਮੀਆਂ ਦੀ ਸਮੀਖਿਆ ਕੀਤੀ ਜਾਵੇਗੀ।
ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਅੱਤਵਾਦ ਰੋਕੂ ਕਾਰਜਕਾਰੀ ਕੋਆਰਡੀਨੇਟਰ ਬੇਟਸ 8 ਤੋਂ 14 ਦਸੰਬਰ ਤੱਕ ਜਾਪਾਨ, ਫਿਲੀਪੀਨਜ਼ ਅਤੇ ਭਾਰਤ ਦੀ ਯਾਤਰਾ ਕਰਨਗੇ। ਬੇਟਸ 12-13 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਅਮਰੀਕਾ-ਭਾਰਤ ਅੱਤਵਾਦ ਰੋਕੂ ਸੰਯੁਕਤ ਕਾਰਜ ਸਮੂਹ ਦੀ ਸਾਲਾਨਾ ਬੈਠਕ ਵਿੱਚ ਅਮਰੀਕੀ ਵਫ਼ਦ ਦੀ ਅਗਵਾਈ ਕਰਨਗੇ। ਸੰਯੁਕਤ ਕਾਰਜ ਸਮੂਹ ਖੇਤਰੀ ਅਤੇ ਗਲੋਬਲ ਅੱਤਵਾਦੀ ਖ਼ਤਰੇ ਦੇ ਮੁਲਾਂਕਣ ਦੀ ਸਮੀਖਿਆ ਕਰੇਗਾ। ਇਸ ਦੌਰਾਨ ਦੁਵੱਲੇ ਅਤੇ ਖੇਤਰੀ ਅੱਤਵਾਦ ਰੋਕੂ ਪ੍ਰੋਗਰਾਮਾਂ ਅਤੇ ਕਾਨੂੰਨ ਲਾਗੂ ਕਰਨ ਅਤੇ ਨਿਆਂਇਕ ਭਾਈਵਾਲੀ ਨੂੰ ਮਜ਼ਬੂਤ ਬਣਾਉਣ ਸਬੰਧੀ ਪਹਿਲਕਦਮੀਆਂ ਦੀ ਵੀ ਸਮੀਖਿਆ ਕੀਤੀ ਜਾਵੇਗੀ।