ਕੋਵਿਡ-19 ਕਾਰਨ ਥੱਕ ਚੁੱਕੈ ਅਮਰੀਕਾ ਪਰ ਫਿਰ ਵੀ ਸਥਿਤੀ ਬਿਹਤਰ : ਬਾਈਡੇਨ

Thursday, Jan 20, 2022 - 03:58 PM (IST)

ਕੋਵਿਡ-19 ਕਾਰਨ ਥੱਕ ਚੁੱਕੈ ਅਮਰੀਕਾ ਪਰ ਫਿਰ ਵੀ ਸਥਿਤੀ ਬਿਹਤਰ : ਬਾਈਡੇਨ

ਵਾਸ਼ਿੰਗਟਨ (ਏ. ਪੀ.)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਕੋਰੋਨਾ ਵਿਸ਼ਵ ਮਹਾਮਾਰੀ ਕਾਰਨ ਅਮਰੀਕਾ ਦੇ ਲੋਕ ਥੱਕ ਚੁੱਕੇ ਹਨ ਅਤੇ ਉਨ੍ਹਾਂ ਦਾ ਮਨੋਬਲ ਵੀ ਘਟਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਇਸ ਨਾਲ ਨਜਿੱਠਣ ਲਈ ‘ਬਹੁਤ ਵਧੀਆ’ ਤਰੀਕੇ ਨਾਲ ਕੰਮ ਕੀਤਾ ਹੈ। ਬਾਈਡੇਨ ਨੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਦੇ ਇਕ ਸਾਲ ਪੂਰਾ ਹੋਣ ਮੌਕੇ ਬੁੱਧਵਾਰ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਬਾਈਡੇਨ ਨੇ ਮੁਦਰਾਸਫੀਤੀ ਤੇ ਵਿਸ਼ਵ ਪੱਧਰੀ ਮਹਾਮਾਰੀ ਨਾਲ ਨਜਿੱਠਣ ਦਾ ਵਾਅਦਾ ਕੀਤਾ ਅਤੇ ਰਿਪਬਲਿਕਨ ’ਤੇ ਨਵੇਂ ਵਿਚਾਰ ਪੇਸ਼ ਕਰਨ ਦੀ ਬਜਾਏ ਉਨ੍ਹਾਂ ਦੇ ਪ੍ਰਸਤਾਵਾਂ ਦੇ ਵਿਰੁੱਧ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੋਟਰ ਜ਼ਰ਼ੂਰ ਉਨ੍ਹਾਂ ਦੇ ਕਾਰਜਕਾਲ ਤੇ ਉਨ੍ਹਾਂ ਦੀ ਸੰਕਟਗ੍ਰਸਤ ਪਾਰਟੀ ਦੀ ਹਾਲਤ ਸਮਝਣਗੇ। ਉਨ੍ਹਾਂ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ। ਬਾਈਡੇਨ ਨੇ ਯੂਕਰੇਨ ਦੀ ਸਰਹੱਦ ’ਤੇ 100,000 ਤੋਂ ਵੱਧ ਰੂਸੀ ਫੌਜੀਆਂ ਦੀ ਤਾਇਨਾਤੀ ਅਤੇ ਘੁਸਪੈਠ ਬਾਰੇ ਵੀ ਗੱਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਰੂਸ ਹੋਰ ਅੱਗੇ ਜਾ ਸਕਦਾ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਨਾਲ ਪੂਰੀ ਤਰ੍ਹਾਂ ਨਾਲ ਜੰਗ ਨਹੀਂ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਪੁਤਿਨ ਦੀ ਫੌਜੀ ਘੁਸਪੈਠ ਦੀ ਰੂਸ ਨੂੰ ‘ਵੱਡੀ ਕੀਮਤ’ ਚੁਕਾਉਣੀ ਪਵੇਗੀ। ਬਾਈਡੇਨ ਨੇ ਕਿਹਾ, ‘‘ਉਹ ਚੀਨ ਅਤੇ ਪੱਛਮ ਦੇ ਵਿਚਕਾਰ ਦੁਨੀਆ ’ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।" ਕੁਝ ਲੋਕਾਂ ਨੇ ਉਨ੍ਹਾਂ ਦੇ ਇਸ ਬਿਆਨ ਦੀ ਨਿੰਦਾ ਵੀ ਕੀਤੀ। ਰਿਪਬਲਿਕਨ ਸੈਨੇਟਰ ਬੇਨ ਸੈਸ ਨੇ ਕਿਹਾ, ‘‘ਰਾਸ਼ਟਰਪਤੀ ਬਾਈਡੇਨ ਨੇ ਇਕ ਮਾਮੂਲੀ ਘੁਸਪੈਠ ਵਾਲਾ ਬਿਆਨ ਦੇ ਕੇ ਪੁਤਿਨ ਨੂੰ ਯੂਕਰੇਨ ’ਚ ਘੁਸਪੈਠ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।'' ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਬਾਅਦ ’ਚ ਇਕ ਬਿਆਨ ’ਚ ਸਪੱਸ਼ਟ ਕੀਤਾ ਕਿ ਇਹ ਜ਼ਰੂਰੀ ਨਹੀਂ ਕਿ ਟੈਂਕਾਂ ਤੇ ਫੌਜੀਆਂ ਦੇ ਬਾਰੇ ਕਿਹਾ ਗਿਆ ਹੈ। ਸਾਕੀ ਨੇ ਕਿਹਾ, ‘‘ਰਾਸ਼ਟਰਪਤੀ ਬਾਈਡੇਨ ਆਪਣੇ ਲੰਬੇ ਤਜਰਬੇ ਨਾਲ ਇਸ ਗੱਲ ਤੋਂ ਜਾਣੂ ਹਨ ਕਿ ਰੂਸ ਕੋਲ ਸਾਈਬਰ ਹਮਲੇ ਅਤੇ ਅਰਧ ਸੈਨਿਕ ਰਣਨੀਤੀਆਂ ਸਮੇਤ ਕਈ ਹੋਰ ਹਮਲਾਵਰ ਤਰੀਕੇ ਹਨ...ਉਨ੍ਹਾਂ ਨੇ ਅੱਜ ਪੁਸ਼ਟੀ ਕੀਤੀ ਕਿ ਰੂਸੀ ਹਮਲੇ ਦੀਆਂ ਉਨ੍ਹਾਂ ਕਾਰਵਾਈਆਂ ਨਾਲ ਇਕ ਫੈਸਲਾਕੁੰਨ, ਪਰਸਪਰ ਤੇ ਇਕਜੁੱਟ ਢੰਗ ਨਾਲ ਨਜਿੱਠਿਆ ਜਾਵੇਗਾ।’’


author

Manoj

Content Editor

Related News