US ਥਿੰਕ ਟੈਂਕ ਦੀ ਸਲਾਹ- ਚੀਨ ਵਿਰੁੱਧ ਪੇਂਟਾਗਨ ਬਣਾਏ ਨਵੀਂ ਰਾਸ਼ਟਰੀ ਰੱਖਿਆ ਨੀਤੀ

07/29/2020 5:19:13 PM

ਵਾਸ਼ਿੰਗਟਨ- ਅਮਰੀਕਾ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਨੂੰ ਦੇਖਦੇ ਹੋਏ ਅਮਰੀਕੀ ਥਿੰਕ ਟੈਂਕ ਦੀ ਪਰੇਸ਼ਾਨੀ ਵੀ ਵੱਧ ਗਈ ਹੈ। ਇਕ ਅਮਰੀਕੀ ਥਿੰਕ ਟੈਂਕ ਨੇ ਸੁਝਾਅ ਦਿੱਤਾ ਹੈ ਕਿ ਪੈਂਟਾਗਨ ਨੂੰ ਇਸ ਸਰਦੀਆਂ 'ਚ ਚੀਨ ਵਿਰੁੱਧ ਨਵੀਂ ਰਾਸ਼ਟਰੀ ਰੱਖਿਆ ਰਣਨੀਤੀ (ਐੱਨ.ਡੀ.ਐੱਸ.) ਤਿਆਰ ਕਰਨ ਲਈ ਏਸ਼ੀਆਈ ਮਹਾਸ਼ਕਤੀ ਨੂੰ ਸਪੱਸ਼ਟ ਰੂਪ ਨਾਲ ਪਹਿਲ ਦੇਣੀ ਚਾਹੀਦੀ ਹੈ। ਅਮਰੀਕੀ ਥਿੰਕ ਟੈਂਕ ਨੇ ਕਿਹਾ ਕਿ ਚੀਨ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਖਰਾਬ ਆਰਥਿਕ ਸਥਿਤੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨਾਲ ਸੰਬੰਧ ਮਜ਼ਬੂਤ ਕਰ ਕੇ ਹਿੰਦ ਮਹਾਸਾਗਰ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਨੇ ਸੁਝਾਅ ਦਿੱਤਾ ਕਿ ਚੀਨ ਨੂੰ ਰੋਕਣ ਲਈ ਅਮਰੀਕਾ ਅਤੇ ਭਾਰਤ ਨੂੰ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ। ਸੈਂਟਰ ਫਾਰ ਏ ਨਿਊ ਅਮਰੀਕਨ ਸਕਿਓਰਿਟੀ (ਸੀ.ਐੱਨ.ਏ.ਐੱਸ.) ਨੇ 27 ਜੁਲਾਈ ਨੂੰ ਪ੍ਰਕਾਸ਼ਿਤ ਇਕ ਰਿਪੋਰਟ 'ਚ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਚੀਨ ਦੀਆਂ ਸ਼ੱਕੀ ਕਾਰਵਾਈਆਂ ਨੇ ਨਾ ਸਿਰਫ਼ ਅਮਰੀਕਾ ਸਗੋਂ ਪੂਰੀ ਦੁਨੀਆ ਨੂੰ ਨੁਕਸਾਨ ਪਹੁੰਚਾਇਆ, ਇਸ ਲਈ ਨਵੀਂ ਰਾਸ਼ਟਰੀ ਰੱਖਿਆ ਰਣਨੀਤੀ ਬਣਾਈ ਜਾਵੇ ਜੋ ਸਿਰਫ਼ ਚੀਨ 'ਤੇ ਧਿਆਨ ਕੇਂਦਰਿਤ ਕਰੇ। ਰਿਪੋਰਟ ਅਨੁਸਾਰ, ਅਮਰੀਕੀ ਰੱਖਿਆ ਸਕੱਤਰ ਜੇਮਜ਼ ਐਨ ਮੈਟਿਸ ਨੇ ਜਨਵਰੀ 2018 'ਚ ਐੱਨ.ਡੀ.ਐੱਸ. 'ਤੇ ਦਸਤਖ਼ਤ ਕੀਤੇ ਸਨ, ਜੋ ਕਿ ਪਹਿਲੀ ਵਾਰ ਸੰਕੇਤ ਸੀ ਕਿ ਪੇਂਟਾਗਨ ਨੂੰ ਚੀਨ ਵਿਰੁੱਧ ਮਜ਼ਬੂਤ ਰਣਨੀਤੀ ਬਣਾਉਣੀ ਚਾਹੀਦੀ ਹੈ।''

ਸੀ.ਐੱਨ.ਏ.ਐੱਸ. ਦੀ ਰਿਪੋਰਟ 'ਚ ਦਰਸਾਇਆ ਗਿਆ ਹੈ ਕਿ ਨਵਾਂ ਐੱਨ.ਡੀ.ਐੱਸ. 2021 'ਚ ਰੱਖਿਆ ਸਕੱਤਰ ਲਈ ਮੂਲ ਰੂਪ ਨਾਲ ਤਿੰਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇਕ ਮੌਕਾ ਹੈ। ਦੱਸਣਯੋਗ ਹੈ ਕਿ ਹਿੰਦ ਮਹਾਸਾਗਰ 'ਚ ਚੀਨ ਦੀ ਵਧਦੀ ਮੌਜੂਦਗੀ ਨਾਲ ਅਮਰੀਕਾ ਤੋਂ ਇਲਾਵਾ ਭਾਰਤ, ਬ੍ਰਿਟੇਨ, ਆਸਟ੍ਰੇਲੀਆ ਅਤੇ ਜਾਪਾਨ ਵੀ ਚਿੰਤਤ ਹੈ। ਭਾਰਤ ਚੀਨ ਦੀ ਵਧਦੇ ਕਬਜ਼ੇ ਨੂੰ ਰੋਕਣ ਦੇ ਮਕਸਦ ਨਾਲ ਸ਼੍ਰੀਲੰਕਾ, ਮਾਲਦੀਵ, ਇੰਡੋਨੇਸ਼ੀਆ, ਥਾਈਲੈਂਡ, ਵਿਯਤਨਾਮ, ਮਿਆਮਾਂ ਅਤੇ ਸਿੰਗਾਪੁਰ ਸਮੇਤ ਖੇਤਰ ਦੇ ਦੇਸ਼ਾਂ ਨਾਲ ਸਮੁੰਦਰੀ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਥਿੰਕ ਟੈਂਕ ਅਨੁਸਾਰ ਜੇਕਰ ਪੇਂਟਾਗਨ ਏਸ਼ੀਆਈ ਦੇਸ਼ਾਂ ਨੂੰ ਵਿਸ਼ਵਾਸ 'ਚ ਲੈ ਕੇ ਚੀਨ ਵਿਰੁੱਧ ਨਵੀਂ ਰਣਨੀਤੀ ਤਿਆਰ ਕਰਦਾ ਹੈ ਤਾਂ ਡਰੈਗਨ ਦੀ ਹਮਲਾਵਰ ਅਤੇ ਵਿਸਥਾਰਵਾਦੀ ਰੁਖ 'ਤੇ ਰੋਕ ਲਗਾਈ ਜਾ ਸਕਦੀ ਹੈ।


DIsha

Content Editor

Related News