ਅਮਰੀਕਾ : ਕੋਲੋਰਾਡੋ ਦੇ ਜੰਗਲ ਦੀ ਅੱਗ ''ਚ ਕਰੀਬ 1 ਹਜ਼ਾਰ ਘਰ ਸੜ ਕੇ ਸੁਆਹ (ਤਸਵੀਰਾਂ)
Sunday, Jan 02, 2022 - 11:15 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਇਕ ਜੰਗਲ ਵਿਚ ਲੱਗੀ ਅੱਗ ਕਾਰਨ ਤਕਰੀਬਨ 1,000 ਘਰ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ, ਜਿਸ ਕਾਰਨ ਤਿੰਨ ਲੋਕ ਲਾਪਤਾ ਹਨ। ਕੋਲੋਰਾਡੋ ਦੇ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਜੰਗਲੀ ਅੱਗ ਨੂੰ ਰਾਤੋ-ਰਾਤ ਬਰਫ਼ਬਾਰੀ ਨੇ ਬੁਝਾ ਦਿੱਤਾ।ਬੋਲਡਰ ਕਾਉਂਟੀ ਦੇ ਸ਼ੈਰਿਫ (ਕਾਊਂਟੀ ਵਿਚ ਕਾਨੂੰਨੀ ਮਾਮਲਿਆਂ ਦੇ ਅਧਿਕਾਰੀ) ਜੋ ਪੇਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਵੀਰਵਾਰ ਤੋਂ ਭੜਕੀ ਅੱਗ ਕਾਰਨ ਡੇਨਵਰ ਅਤੇ ਬੋਲਡਰ ਸ਼ਹਿਰਾਂ ਦੇ ਵਿਚਕਾਰਲੇ ਖੇਤਰਾਂ ਵਿੱਚ ਧੂੰਆਂ ਭਰ ਗਿਆ ਅਤੇ ਆਸਮਾਨ ਵਿੱਚ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਜਾ ਸਕਦੀਆਂ ਹਨ।
ਕਾਉਂਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਅੱਗ ਡਾਊਨਟਾਊਨ ਸੁਪੀਰੀਅਰ ਤੋਂ ਲਗਭਗ 3.2 ਕਿਲੋਮੀਟਰ ਪੱਛਮ ਵਿੱਚ ਘਾਹ ਵਾਲੇ ਖੇਤਰ ਤੋਂ ਤਾਂ ਨਹੀਂ ਫੈਲੀ ਸੀ। ਨੇੜਲੇ ਇਲਾਕਿਆਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ ਸ਼ੁੱਕਰਵਾਰ ਤੱਕ 500 ਤੋਂ ਵੱਧ ਘਰ ਅੱਗ ਨਾਲ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਅੱਗ ਦੀ ਤੀਬਰਤਾ ਨੂੰ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : UAE ਨੇ ਯਾਤਰਾ ਸਬੰਧੀ ਨਵੇਂ ਨਿਰਦੇਸ਼ ਕੀਤੇ ਜਾਰੀ, 10 ਜਨਵਰੀ ਤੋਂ ਨਿਯਮ ਲਾਗੂ
ਬੋਲਡਰ ਕਾਉਂਟੀ ਦੇ ਬੁਲਾਰੇ ਜੈਨੀਫਰ ਚਰਚਿਲ ਨੇ ਕਿਹਾ ਕਿ ਤਿੰਨ ਲੋਕਾਂ ਦੇ ਕਈ ਥਾਵਾਂ ਤੋਂ ਲਾਪਤਾ ਹੋਣ ਦਾ ਖਦਸ਼ਾ ਹੈ। ਪੇਲੇ ਨੇ ਦੱਸਿਆ ਕਿ ਲੁਈਸਵਿਲੇ ਵਿੱਚ 553, ਸੁਪੀਰੀਅਰ ਵਿੱਚ 332 ਅਤੇ ਕਾਉਂਟੀ ਦੇ ਗੈਰ-ਸੰਗਠਿਤ ਹਿੱਸਿਆਂ ਵਿੱਚ 106 ਘਰ ਅੱਗ ਨਾਲ ਸੜ ਗਏ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਗਿਣਤੀ ਵੱਧ ਸਕਦੀ ਹੈ। ਡੇਨਵਰ ਤੋਂ ਲਗਭਗ 32 ਕਿਲੋਮੀਟਰ ਉੱਤਰ-ਪੱਛਮ ਵਿਚ ਲੁਈਸਵਿਲੇ ਅਤੇ ਸੁਪੀਰੀਅਰ ਦੇ ਆਲੇ-ਦੁਆਲੇ ਜੰਗਲ ਦੀ ਅੱਗ ਵਿਚ ਘੱਟੋ-ਘੱਟ ਸੱਤ ਲੋਕ ਜ਼ਖਮੀ ਹੋ ਗਏ। 24 ਵਰਗ ਕਿਲੋਮੀਟਰ ਦਾ ਇਲਾਕਾ ਅੱਗ ਨਾਲ ਪ੍ਰਭਾਵਿਤ ਹੋਇਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।