ਕਤਰ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਖਾੜੀ ਮੁਲਕਾਂ ਵਿਚਲੀ ਦਰਾਰ ਕਰਨਗੇ ਖਤਮ!

07/12/2017 2:12:39 AM

ਦੋਹਾ,ਕਤਰ— ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਮੰਗਲਵਾਰ ਨੂੰ ਕਤਰ ਪਹੁੰਚ ਗਏ ਹਨ। ਇਸ ਨਿੱਕੇ ਜਿਹੇ ਖਾੜੀ ਮੁਲਕ ਤੇ ਚਾਰ ਹੋਰਨਾਂ ਅਰਬ ਮੁਲਕਾਂ ਦੇ ਸਬੰਧਾਂ 'ਚ ਆਈ ਖੜੋਤ ਨੂੰ ਤੋੜਨ ਲਈ ਅਮਰੀਕੀ ਅਧਿਕਾਰੀਆਂ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਲਕਾਂ ਦੀ ਆਪਸੀ ਖਿੱਚੋਤਾਣ ਦਾ ਅਮਰੀਕਾ ਦੇ ਸਹਿਯੋਗੀਆਂ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਇਹ ਦੌਰਾ ਟਿਲਰਸਨ ਦਾ ਦੂਜਾ ਪੜਾਅ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਸਾਊਦੀ ਅਰਬ ਵੀ ਜਾਣਗੇ।  ਕਤਰ ਦਾ ਵਿਰੋਧ ਕਰ ਰਹੇ ਚਾਰ ਦੇਸ਼ਾਂ ਵਿਚੋਂ ਉਹ ਸੱਭ ਤੋਂ ਵੱਧ ਸ਼ਕਤੀਸ਼ਾਲੀ ਹੈ। ਉਨ੍ਹਾਂ ਕਤਰ ਦੇ 37 ਸਾਲਾ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਦੋਹਾ ਪਹੁੰਚਦੇ ਸਾਰ ਮੁਲਾਕਾਤ ਕੀਤੀ। ਇਸ ਮੌਕੇ ਕਤਰ ਦੇ ਵਿਦੇਸ਼ ਮੰਤਰੀ ਤੇ ਅਮੀਰ ਦੇ ਭਰਾ ਸ਼ੇਖ ਮੁਹੰਮਦ ਬਿਨ ਹਮਦ ਅਲ ਥਾਨੀ ਵੀ ਮੌਜੂਦ ਸਨ। 
ਸੋਮਵਾਰ ਨੂੰ ਉਨ੍ਹਾਂ ਕੁਵੈਤ ਦੇ ਸਾਸਕ ਸ਼ੇਖ ਸਾਬਾਹ ਅਲ ਅਹਿਮਦ ਅਲ ਸਾਬਾਹ ਨਾਲ ਵੀ ਮੁਲਾਕਾਤ ਕੀਤੀ। ਇਹ ਕੁਵੈਤੀ ਆਗੂ ਕਤਰ ਤੇ ਹੋਰਨਾਂ ਚਾਰ ਮੁਲਕਾਂ, ਜਿਨ੍ਹਾਂ ਵਿੱਚ ਸਾਊਦੀ ਅਰਬ, ਬਹਿਰੇਨ, ਸੰਯੁਕਤ ਅਰਬ ਅਮੀਰਾਤ ਤੇ ਮਿਸਰ ਸ਼ਾਮਲ ਹਨ, ਵਿਚਾਲੇ ਵਿਚੋਲੇ ਦੀ ਭੂਮਿਕਾ ਵੀ ਨਿਭਾਅ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰਾਂ ਮੁਲਕਾਂ ਨੇ ਕਤਰ ਨਾਲ ਹਵਾਈ, ਸਮੁੰਦਰੀ ਤੇ ਜਮੀਨੀ ਸਬੰਧ ਜੂਨ ਦੇ ਸੁਰੂ ਵਿਚ ਹੀ ਤੋੜ ਲਏ ਸਨ। ਇਨ੍ਹਾਂ ਮੁਲਕਾਂ ਦਾ ਦੋਸ਼ ਹੈ ਕਿ ਕਤਰ ਅੱਤਵਾਦੀ ਜਥੇਬੰਦੀਆਂ ਦਾ ਸਮਰਥਨ ਕਰ ਰਿਹਾ ਹੈ। ਬਾਅਦ ਵਿਚ ਉਨ੍ਹਾਂ ਸਬੰਧਾਂ ਵਿਚ ਸੁਧਾਰ ਲਈ 13 ਨੁਕਤਿਆਂ ਵਾਲੀ ਸੂਚੀ ਜਾਰੀ ਕੀਤੀ ਸੀ ਤੇ ਦੋਹਾ ਨੂੰ ਇਸ ਮੁਤਾਬਕ ਖੁਦ ਨੂੰ ਸਾਬਤ ਕਰਨ ਲਈ ਦਸ ਦਿਨ ਦਿੱਤੇ ਸਨ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਿਲਰਸਨ ਨੂੰ ਵੀ ਫੌਰਨ ਸਫਲਤਾ ਮਿਲਣ ਦੀ ਉਮੀਦ ਘੱਟ ਹੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਕਈ ਮਹੀਨੇ ਲੱਗ ਸਕਦੇ ਹਨ।


Related News