ਅਮਰੀਕੀ ਰਾਸ਼ਟਰਪਤੀ ਟਰੰਪ ਦਾ ਦਾਅਵਾ : ਰੂਸ ਤੋਂ ਤੇਲ ਖਰੀਦ ’ਚ ਪੂਰੀ ਤਰ੍ਹਾਂ ਕਟੌਤੀ ਕਰ ਰਿਹਾ ਭਾਰਤ
Sunday, Oct 26, 2025 - 11:33 PM (IST)
ਵਾਸ਼ਿੰਗਟਨ, (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਰੂਸੀ ਤੇਲ ਖਰੀਦ ’ਚ ‘ਪੂਰੀ ਤਰ੍ਹਾਂ ਕਟੌਤੀ’ ਕਰ ਰਿਹਾ ਹੈ, ਜਦੋਂ ਕਿ ਚੀਨ ‘ਕਾਫ਼ੀ ਹੱਦ ਤੱਕ’ ਕਟੌਤੀ ਕਰੇਗਾ।
ਜਹਾਜ਼ ‘ਏਅਰ ਫੋਰਸ ਵਨ’ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ ਭਾਰਤ ਰੂਸੀ ਤੇਲ ਖਰੀਦ ’ਚ ‘ਪੂਰੀ ਤਰ੍ਹਾਂ ਕਟੌਤੀ’ ਕਰ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਰੂਸੀ ਤੇਲ ਦਾ ਮੁੱਦਾ ਚੁੱਕਣ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਉਹ ਜਿਨਪਿੰਗ ਨਾਲ ਰੂਸੀ ਤੇਲ ਖਰੀਦ ’ਤੇ ਚਰਚਾ ਕਰ ਸਕਦੇ ਹਨ। ਟਰੰਪ ਨੇ ਕਿਹਾ ਕਿ ਚੀਨ ਰੂਸੀ ਤੇਲ ਖਰੀਦ ’ਚ ‘ਕਾਫ਼ੀ ਹੱਦ ਤੱਕ’ ਕਟੌਤੀ ਕਰ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਪਿਛਲੇ ਕੁਝ ਦਿਨਾਂ ਤੋਂ ਦਾਅਵਾ ਕਰ ਰਹੇ ਹਨ ਕਿ ਭਾਰਤ ਨੇ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਆਪਣੀ ਤੇਲ ਦਰਾਮਦ ’ਚ ਰਿਕਾਰਡ ਕਮੀ ਲਿਆਏਗਾ। ਹਾਲਾਂਕਿ, ਭਾਰਤ ਇਹ ਕਹਿੰਦਾ ਰਿਹਾ ਹੈ ਕਿ ਉਸ ਦੀ ਊਰਜਾ ਨੀਤੀ ਉਸ ਦੇ ਆਪਣੇ ਰਾਸ਼ਟਰ ਹਿੱਤਾਂ, ਖਾਸ ਕਰ ਕੇ ਆਪਣੇ ਖਪਤਕਾਰਾਂ ਲਈ ਸਸਤੀ ਅਤੇ ਸੁਰੱਖਿਅਤ ਸਪਲਾਈ ਯਕੀਨੀ ਬਣਾਉਣ ਤੋਂ ਪ੍ਰੇਰਿਤ ਹੈ। ਅਮਰੀਕਾ ਦਾ ਦਾਅਵਾ ਹੈ ਕਿ ਭਾਰਤ ਮਾਸਕੋ ਤੋਂ ਕੱਚਾ ਤੇਲ ਖਰੀਦ ਕੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਯੂਕ੍ਰੇਨ ਜੰਗ ਦੀ ਫੰਡਿੰਗ ’ਚ ਮਦਦ ਕਰ ਰਿਹਾ ਹੈ।
