ਤੇਲ ਖਰੀਦਣ ਲਈ ਭਾਰਤ ਸਣੇ ਹੋਰ ਦੇਸ਼ਾਂ ’ਤੇ ‘ਵਾਧੂ ਪਾਬੰਦੀਆਂ’ ਲਾਉਣ ਦੀ ਤਿਆਰੀ ’ਚ ਅਮਰੀਕਾ
Tuesday, Sep 09, 2025 - 12:48 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਰੂਸ ’ਤੇ ਨਵੀਆਂ ਪਾਬੰਦੀਆਂ ਲਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਉਹ ਰੂਸ ’ਤੇ ਪਾਬੰਦੀਆਂ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਲਈ ਤਿਆਰ ਹਨ। ਟਰੰਪ ਦੇ ਇਸ ਬਿਆਨ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਉਹ ਹੁਣ ਯੂਕ੍ਰੇਨ ਜੰਗ ਬਾਰੇ ਸਖ਼ਤ ਸਟੈਂਡ ਲੈ ਸਕਦੇ ਹਨ।
ਇਸ ਦੌਰਾਨ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਦਾ ਕਹਿਣਾ ਹੈ ਕਿ ਜੇਕਰ ਵਾਸ਼ਿੰਗਟਨ ਅਤੇ ਯੂਰਪੀ ਯੂਨੀਅਨ ਰੂਸ ਤੋਂ ਕੱਚਾ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਹੋਰ ‘ਸੈਕੰਡਰੀ ਪਾਬੰਦੀਆਂ’ ਲਾਉਂਦੇ ਹਨ ਤਾਂ ਇਸ ਨਾਲ ਰੂਸੀ ਅਰਥਵਿਵਸਥਾ ਨੂੰ ‘ਪੂਰੀ ਤਰ੍ਹਾਂ ਢਹਿ-ਢੇਰੀ’ ਹੋ ਸਕਦੀ ਹੈ। ਬੇਸੈਂਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਨੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਾਲ ‘ਸਾਰਥਕ’ ਗੱਲਬਾਤ ਕੀਤੀ ਸੀ। ਇਸ ਦੌਰਾਨ ਅਮਰੀਕਾ ਅਤੇ ਯੂਰਪੀ ਯੂਨੀਅਨ ਵੱਲੋਂ ਰੂਸ ’ਤੇ ਹੋਰ ਦਬਾਅ ਪਾਉਣ ਦੇ ਸੰਭਾਵਿਤ ਉਪਾਵਾਂ ’ਤੇ ਚਰਚਾ ਹੋਈ।
ਟਰੰਪ ਪ੍ਰਸ਼ਾਸਨ ਨੇ ਰੂਸ ਤੋਂ ਤੇਲ ਖਰੀਦਣ ਲਈ ਪਹਿਲਾਂ ਤੋਂ ਲਾਏ ਗਈ 25 ਫੀਸਦੀ ਟੈਰਿਫ ਤੋਂ ਇਲਾਵਾ ਭਾਰਤ ’ਤੇ 25 ਫੀਸਦੀ ਵਾਧੂ ਟੈਰਿਫ ਲਾ ਦਿੱਤਾ ਹੈ। ਇਸ ਤਰ੍ਹਾਂ ਨਵੀਂ ਦਿੱਲੀ ’ਤੇ ਕੁੱਲ ਟੈਰਿਫ 50 ਫੀਸਦੀ ਹੋ ਗਿਆ ਹੈ, ਜੋ ਕਿ 27 ਅਗਸਤ ਤੋਂ ਲਾਗੂ ਹੋ ਚੁੱਕਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਅਮਰੀਕਾ ਰੂਸ ’ਤੇ ਦਬਾਅ ਵਧਾਉਣ ਲਈ ਤਿਆਰ ਹੈ ਪਰ ਇਸ ਲਈ ਸਾਨੂੰ ਆਪਣੇ ਯੂਰਪੀ ਭਾਈਵਾਲਾਂ ਦੇ ਸਮਰਥਨ ਦੀ ਲੋੜ ਹੈ।
ਟਰੰਪ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਦਾ ਰੂਸ ਤੋਂ ਤੇਲ ਖਰੀਦਣਾ ਯੂਕ੍ਰੇਨ ਵਿਚ ਚੱਲ ਰਹੀ ਜੰਗ ਵਿਚ ਰੂਸ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਅਧਿਕਾਰੀਆਂ ਵਿਚ ਬੇਸੈਂਟ ਅਤੇ ਵਣਜ ਸਲਾਹਕਾਰ ਪੀਟਰ ਨਵਾਰੋ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰਤ ਨੇ ਅਮਰੀਕਾ ਵੱਲੋਂ ਲਾਏ ਗਏ ਟੈਰਿਫ ਨੂੰ ‘ਅਣਉਚਿਤ ਅਤੇ ਗ਼ੈਰ-ਵਾਜਿਬ’ ਦੱਸਿਆ ਹੈ। ਭਾਰਤ ਦਾ ਕਹਿਣਾ ਹੈ ਕਿ ਉਸ ਦੀਆਂ ਊਰਜਾ ਜ਼ਰੂਰਤਾਂ ਰਾਸ਼ਟਰੀ ਹਿੱਤ ਅਤੇ ਬਾਜ਼ਾਰ ਦੀਆਂ ਸਥਿਤੀਆਂ ’ਤੇ ਆਧਾਰਤ ਹਨ।