ਅਮਰੀਕਾ ਦੀ ਅੱਧੀ ਆਬਾਦੀ ਨੂੰ ਹੀ ਨਸੀਬ ਹੋ ਸਕੇਗਾ ਕੋਰੋਨਾ ਤੋਂ ਬਚਾਅ ਦਾ ਟੀਕਾ : ਸਰਵੇਖਣ
Wednesday, May 27, 2020 - 05:22 PM (IST)

ਵਾਸ਼ਿੰਗਟਨ- ਅਮਰੀਕਾ ਵਿਚ ਲੋਕਾਂ ਨੂੰ ਲੱਗਦਾ ਹੈ ਕਿ ਜਿਸ ਤੇਜ਼ੀ ਨਾਲ ਵਿਗਿਆਨਕ ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ਦੇ ਕੰਮ ਵਿਚ ਲੱਗੇ ਹਨ, ਜੇਕਰ ਉਸ ਵਿਚ ਸਫਲਤਾ ਮਿਲ ਵੀ ਜਾਂਦੀ ਹੈ ਤਾਂ ਦੇਸ਼ ਦੀ ਸਿਰਫ ਅੱਧੀ ਆਬਾਦੀ ਨੂੰ ਹੀ ਇਹ ਟੀਕਾ ਮਿਲ ਸਕੇਗਾ। ਇਕ ਨਵੇਂ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਬੁੱਧਵਾਰ ਨੂੰ ਜਾਰੀ ਐਸੋਸੀਏਟਡ ਪ੍ਰੈੱਸ ਐੱਨ. ਓ. ਆਰ. ਸੀ. ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਦੇ ਸਰਵੇਖਣ ਵਿਚ ਪਾਇਆ ਗਿਆ ਹੈ ਕਿ 31 ਫੀਸਦੀ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਨਹੀਂ ਹੈ ਕਿ ਉਨ੍ਹਾਂ ਨੂੰ ਇਹ ਟੀਕਾ ਮਿਲ ਵੀ ਸਕੇਗਾ। ਇਸ ਦੇ ਇਲਾਵਾ ਹਰ ਪੰਜ ਵਿਚੋਂ ਇਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਇਸ ਨੂੰ ਨਹੀਂ ਲਗਾਵੇਗਾ। ਸਿਹਤ ਮਾਹਰਾਂ ਨੂੰ ਇਸ ਗੱਲ ਦਾ ਡਰ ਹੈ ਕਿ ਰਾਸ਼ਟਰਪਤੀ ਟਰੰਪ ਨੇ ਜਨਵਰੀ ਤੱਕ ਦੇਸ਼ ਵਿਚ 30 ਕਰੋੜ ਟੀਕਿਆਂ ਦਾ ਭੰਡਾਰ ਹੋਣ ਦਾ ਜੋ ਵਾਅਦਾ ਕੀਤਾ ਹੈ ਕਿ ਜੇਕਰ ਇਹ ਪੂਰਾ ਨਹੀਂ ਹੋਇਆ ਤਾਂ ਕੀ ਹੋਵੇਗਾ।
ਵੈਂਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਵਾਇਰਸ ਰੋਗ ਮਾਹਰ ਡਾ. ਵਿਲੀਅਮ ਸ਼ੇਫਨਰ ਨੇ ਕਿਹਾ ਕਿ ਵਾਅਦੇ ਘੱਟ ਕਰਨਾ ਅਤੇ ਕੰਮ ਜ਼ਿਆਦਾ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ। ਜਿਨ੍ਹਾਂ ਲੋਕਾਂ ਨੇ ਟੀਕਾ ਨਾ ਲਗਵਾਉਣ ਦੀ ਗੱਲ ਆਖੀ ਹੈ ਉਨ੍ਹਾਂ ਵਿਚੋਂ ਵਧੇਰਿਆਂ ਨੂੰ ਸਿਹਤ ਸਬੰਧੀ ਸੁਰੱਖਿਆ ਦੀ ਚਿੰਤਾ ਹੈ।
ਕੋਲਰਾਡੋ ਦੇ ਮੇਲਾਨੀ ਡਰਾਇਜ਼ ਕਹਿੰਦੇ ਹਨ, ਮੈਂ ਟੀਕੇ ਦੇ ਖਿਲਾਫ ਨਹੀਂ ਹਾਂ ਪਰ ਕੋਵਿਡ-19 ਦਾ ਟੀਕਾ ਸਾਲ ਭਰ ਵਿਚ ਆਉਣ ਦਾ ਮਤਲਬ ਹੈ ਕਿ ਇਸ ਦੇ ਸਾਈਡ ਇਫੈਕਟ 'ਤੇ ਠੀਕ ਤਰ੍ਹਾਂ ਜਾਂਚ ਨਹੀਂ ਹੋ ਸਕੇਗੀ। ਐੱਨ. ਐੱਚ. ਆਈ. ਕੋਰੋਨਾ ਵਾਇਰਸ ਦੇ ਸੰਭਾਵਿਤ ਟੀਕਿਆਂ ਦਾ ਪ੍ਰੀਖਣ ਲੱਖਾਂ ਲੋਕਾਂ ਵਿਚ ਕਰਨ ਲਈ ਇਕ ਮਾਸਟਰ ਪਲਾਨ ਬਣਾ ਰਿਹਾ ਹੈ, ਤਾਂਕਿ ਇਹ ਸਾਬਤ ਹੋ ਸਕੇ ਕਿ ਕੀ ਉਹ ਅਸਲ ਵਿਚ ਕਾਰਗਰ ਹਨ ਜਾਂ ਕੀ ਉਹ ਸੁਰੱਖਿਅਤ ਹਨ।