FB ''ਤੇ ਨਫਰਤ ਫੈਲਾਉਣ ਵਾਲੇ ਗਰੁੱਪਾਂ ਨਾਲ ਜੁੜੇ ਹਨ ਸੈਂਕੜੇ ਅਮਰੀਕੀ ਪੁਲਸ ਅਧਿਕਾਰੀ
Saturday, Jun 15, 2019 - 11:46 PM (IST)

ਸੈਨ ਫ੍ਰਾਂਸੀਸਕੋ - ਅਮਰੀਕਾ ਦੇ ਲਗਭਗ 400 ਤੱਤਕਾਲੀ ਅਤੇ ਸਾਬਕਾ ਪੁਲਸ ਅਧਿਕਾਰੀ ਫੇਸਬੁੱਕ 'ਤੇ ਨਫਰਤ ਫੈਲਾਉਣ ਵਾਲੇ ਸਮੂਹਾਂ ਦਾ ਹਿੱਸਾ ਹਨ। ਇਨ੍ਹਾਂ ਸਮੂਹਾਂ 'ਚ ਇਸਲਾਮ ਵਿਰੋਧੀ ਅਤੇ ਨਸਲੀ ਵਿਚਾਰਧਾਰਾ ਨੂੰ ਵਧਾਇਆ ਜਾਂਦਾ ਹੈ। ਰਿਵੀਲ ਨਾਂ ਦੇ ਗੈਰ-ਮੁਨਾਫਾ ਸੰਗਠਨ ਦੀ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਸਮੂਹਾਂ ਨਾਲ ਜੁੜੇ ਪੁਲਸ ਅਧਿਕਾਰੀ ਸਕੂਲ, ਏਅਰੋਪਰਟਾਂ, ਜੇਲ ਅਤੇ ਹੋਰ ਅਹਿਮ ਥਾਂਵਾਂ 'ਤੇ ਤੈਨਾਤ ਹਨ।
ਜਿਨ੍ਹਾਂ ਸਮੂਹਾਂ 'ਚ ਇਨ੍ਹਾਂ ਦੀ ਸਰਗਰਮਤਾ ਹੈ, ਉਨ੍ਹਾਂ 'ਚੋਂ ਕੁਝ ਤਾਂ ਖੁਲ੍ਹ ਕੇ ਇਸਲਾਮ ਵਿਰੋਧੀ ਹਨ। ਉਥੇ ਕੁਝ ਸਮੂਹ ਸਰਕਾਰ ਦੇ ਵਿਰੋਧ 'ਤੇ ਚਰਚਾ ਕਰਦੇ ਹਨ। 150 ਪੁਲਸ ਅਧਿਕਾਰੀ ਹਿੰਸਕ ਸਰਕਾਰ ਵਿਰੋਧੀ ਸਮੂਹਾਂ ਨਾਲ ਜੁੜੇ ਪਾਏ ਗਏ ਹਨ। ਇਥੇ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ 50 ਤੋਂ ਜ਼ਿਆਦਾ ਵਿਭਾਗ ਅੰਦਰੂਨੀ ਪੱਧਰ 'ਤੇ ਇਸ ਗੱਲ ਦੀ ਜਾਂਚ ਕਰ ਰਹੇ ਹਨ। ਵਿਭਾਗ ਇਸ ਗੱਲ ਦੀ ਵੀ ਤਫਤੀਸ਼ ਕਰ ਰਹੀ ਹੈ ਕਿ ਸ਼ੋਸ਼ਲ ਮੀਡੀਆ 'ਤੇ ਅਧਿਕਾਰੀਆਂ ਦੀ ਵਿਚਾਰਧਾਰਾਂ ਨਾਲ ਉਨ੍ਹਾਂ ਦੇ ਕੰਮਕਾਜ 'ਤੇ ਕੀ ਅਸਰ ਪੈ ਰਿਹਾ ਹੈ।
ਵਿਭਾਗੀ ਨਿਯਮਾਂ ਦੇ ਉਲੰਘਣ ਕਾਰਨ ਇਕ ਅਧਿਕਾਰੀ ਨੂੰ ਬਰਖਾਸਤ ਵੀ ਕੀਤਾ ਜਾ ਚੁੱਕਿਆ ਹੈ। ਚੈਪਮੈਨ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਪੀਟਰ ਸਿਮੀ ਨੇ ਆਖਿਆ ਕਿ ਇਨ੍ਹਾਂ ਸਮੂਹਾਂ 'ਚ ਹੋਣ ਵਾਲੀ ਚਰਚਾ ਨਾਲ ਵਿਅਕਤੀ ਦੇ ਫੈਸਲੇ 'ਤੇ ਫਰਕ ਪੈਂਦਾ ਹੈ। ਦੁਨੀਆ ਦੇ ਬਾਰੇ 'ਚ ਸਾਡੀ ਜਿਹੀ ਧਾਰਣਾ ਹੁੰਦੀ ਹੈ, ਅਸੀਂ ਉਂਝ ਹੀ ਫੈਸਲੇ ਲੈਂਦੇ ਹਾਂ। ਅਜਿਹਾ ਮੁਸ਼ਕਿਲ ਹੈ ਕਿ ਵਿਅਕਤੀ ਆਪਣੇ ਵਿਚਾਰ ਅਤੇ ਫੈਸਲੇ ਨੂੰ ਵੱਖ-ਵੱਖ ਰੱਖ ਸਕੇ।