ਯੂ. ਐੱਸ. ਨੇਵੀ ਨੇ ਗਾਇਆ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਦਾ ਗੀਤ, ਵੀਡੀਓ ਹੋਈ ਵਾਇਰਲ

Tuesday, Mar 30, 2021 - 01:06 PM (IST)

ਯੂ. ਐੱਸ. ਨੇਵੀ ਨੇ ਗਾਇਆ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਦਾ ਗੀਤ, ਵੀਡੀਓ ਹੋਈ ਵਾਇਰਲ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਯੂ. ਐੱਸ. ਨੇਵੀ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਸਵਦੇਸ’ ਦਾ ਗੀਤ ‘ਯੇ ਜੋ ਦੇਸ ਹੈ ਤੇਰਾ, ਸਵਦੇਸ ਹੈ ਮੇਰਾ’ ਗਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵਿਟਰ ’ਤੇ ਸਾਂਝਾ ਕੀਤਾ ਹੈ। ਹੁਣ ਇਸ ਵੀਡੀਓ ’ਤੇ ਸ਼ਾਹਰੁਖ਼ ਖ਼ਾਨ ਦੇ ਨਾਲ-ਨਾਲ ਏ. ਆਰ. ਰਹਿਮਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਅਸਲ ’ਚ 27 ਮਾਰਚ ਨੂੰ ਯੂ. ਐੱਸ. ਨੇਵੀ ਦੇ ਚੀਫ ਆਫ ਨੇਵਲ ਆਪਰੇਸ਼ਨ ਵਲੋਂ ਦਿੱਤੇ ਗਏ ਇਕ ਡਿਨਰ ਦੌਰਾਨ ਯੂ. ਐੱਸ. ਨੇਵੀ ਨੇ ਇਸ ਗੀਤ ਨੂੰ ਗਾਇਆ। ਇਸ ਮੌਕੇ ਨੇਵੀ ਦੇ ਚੀਫ ਮਾਈਕਲ ਮਾਰਟਿਨ ਗਿਲਡੇ ਤੇ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਮੌਜੂਦ ਸਨ। ਇਸ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਨੇ ਟਵਿਟਰ ’ਤੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਇਹ ਉਹ ਬੰਧਨ ਹੈ, ਜੋ ਕਦੇ ਟੁੱਟ ਨਹੀਂ ਸਕਦਾ।’

ਸ਼ਾਹਰੁਖ਼ ਖ਼ਾਨ ਨੂੰ ਇਹ ਵੀਡੀਓ ਕਾਫੀ ਪਸੰਦ ਆਈ। ਉਨ੍ਹਾਂ ਨੇ ਵੀਡੀਓ ਨੂੰ ਰੀ-ਟਵੀਟ ਕਰਦਿਆਂ ਲਿਖਿਆ, ‘ਇਸ ਨੂੰ ਸਾਂਝਾ ਕਰਨ ਲਈ ਧੰਨਵਾਦ। ਇਹ ਬਹੁਤ ਹੀ ਪਿਆਰਾ ਹੈ। ਮੈਂ ਵਾਪਸ ਉਸ ਸਮੇਂ ’ਚ ਚਲਾ ਗਿਆ, ਜਦੋਂ ਇਹ ਫ਼ਿਲਮ ਬਣਾ ਰਿਹਾ ਸੀ। ਅਸੀਂ ਬਹੁਤ ਪਿਆਰ ਨਾਲ ਇਸ ਫ਼ਿਲਮ ਨੂੰ ਬਣਾਇਆ ਤੇ ਇਸ ਗੀਤ ਵਾਂਗ ਸਾਨੂੰ ਫ਼ਿਲਮ ’ਤੇ ਵੀ ਉਨਾ ਹੀ ਯਕੀਨ ਸੀ। ਆਸ਼ੂਤੋਸ਼ ਗੋਵਾਰੀਕਰ, ਏ. ਆਰ. ਰਹਿਮਾਨ, ਰੌਨੀ ਸਕਰੂਵਾਲਾ ਤੇ ਸਾਰੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ।’

ਉਥੇ ਏ. ਆਰ. ਰਹਿਮਾਨ ਨੇ ਟਵੀਟ ਕਰਦਿਆਂ ਲਿਖਿਆ, ‘ਹਮੇਸ਼ਾ ਲਈ ਸਵਦੇਸ ਕਰੇਗਾ ਰਾਜ।’

ਦੱਸਣਯੋਗ ਹੈ ਕਿ ‘ਸਵਦੇਸ’ ਫ਼ਿਲਮ 2004 ’ਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਬਾਕਸ ਆਫਿਸ ’ਤੇ ਜ਼ਿਆਦਾ ਧਮਾਲ ਨਹੀਂ ਮਚਾ ਸਕੀ ਸੀ।

ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News