ਮੋਦੀ ਦੀ ਅਗਵਾਈ 'ਚ ਭਾਰਤ-ਅਮਰੀਕਾ ਸੰਬੰਧ ਹੋਏ ਮਜ਼ਬੂਤ : US ਅਧਿਕਾਰੀ

Friday, Mar 22, 2019 - 11:07 AM (IST)

ਮੋਦੀ ਦੀ ਅਗਵਾਈ 'ਚ ਭਾਰਤ-ਅਮਰੀਕਾ ਸੰਬੰਧ ਹੋਏ ਮਜ਼ਬੂਤ : US ਅਧਿਕਾਰੀ

ਵਾਸ਼ਿੰਗਟਨ (ਭਾਸ਼ਾ)— ਭਾਰਤ ਅਤੇ ਅਮਰੀਕਾ ਵਿਚ ਸੰਬੰਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਿਹਤਰ ਹੋਏ ਹਨ। ਡੋਨਾਲਡ ਟਰੰਪ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਇਹ ਗੱਲ ਕਹੀ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਲੋਕਸਭਾ ਚੋਣਾਂ ਦੇ ਬਾਅਦ ਇਹ ਸੰਬੰਧ ਹੋਰ ਬਿਹਤਰ ਹੋਣਗੇ। ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਬੀਤੇ ਸਾਲ ਨਵੀਂ ਦਿੱਲੀ ਵਿਚ ਪਹਿਲੀ ਵਾਰ ਭਾਰਤ-ਅਮਰੀਕਾ '2+2' ਵਾਰਤਾ ਨਾਲ ਸੰਬੰਧ ਬਿਹਤਰ ਹੋਏ ਹਨ। ਮੋਦੀ ਸਰਕਾਰ ਦੇ 5 ਸਾਲ ਅਤੇ ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਦੀ ਹਾਲ ਹੀ ਵਿਚ ਯਾਤਰਾ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਅਧਿਕਾਰੀ ਨੇ ਕਿਹਾ,''ਜਦੋਂ ਤੋਂ ਮੋਦੀ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਅਮਰੀਕਾ-ਭਾਰਤ ਸੰਬੰਧ ਅਸਲ ਵਿਚ ਮਜ਼ਬੂਤ ਹੋਏ ਹਨ।'' 

ਅਧਿਕਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ,''ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਣ ਗੱਲ ਪੀ.ਐੱਮ. ਮੋਦੀ ਦੀ ਜੂਨ 2017 ਵਿਚ ਵ੍ਹਾਈਟ ਹਾਊਸ ਦੀ ਯਾਤਰਾ ਸੀ ਜਿੱਥੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਤਰੱਕੀ ਹੋਈ ਹੈ। ਮੈਂ ਕਹਾਂਗਾ ਕਿ ਵਿਦੇਸ਼ ਸਕੱਤਰ ਗੋਖਲੇ ਦੀ ਯਾਤਰਾ ਇਸ ਗੱਲ ਦਾ ਸਕਰਾਤਮਕ ਸੰਕੇਤ ਹੈ ਕਿ ਸਬੰਧ ਹੋਰ ਅੱਗੇ ਵੱਧ ਰਹੇ ਹਨ।'' ਉਨ੍ਹਾਂ ਨੇ ਕਿਹਾ,''ਇਨ੍ਹਾਂ ਆਮ ਚੋਣਾਂ ਵਿਚ ਜਿਹੜੀ ਵੀ ਪਾਰਟੀ ਦੀ ਸਰਕਾਰ ਬਣਦੀ ਹੈ ਅਸੀਂ ਉਸ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।'' ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਆਸ ਕਰਦਾ ਹੈ ਕਿ ਸੰਬੰਧ ਹੋਰ ਬਿਹਤਰ ਹੋਣਗੇ ਅਤੇ ਦੇਸ਼ ਹਿੰਦ-ਪ੍ਰਸ਼ਾਂਤ ਵਿਚ ਸਹਿਯੋਗ ਦੇ ਰਸਤਿਆਂ ਦੀ ਤਲਾਸ਼ ਕਰ ਰਿਹਾ ਹੈ। 

ਗੋਖਲੇ ਦੀ ਅਮਰੀਕਾ ਦੀ ਹਾਲ ਹੀ ਵਿਚ ਯਾਤਰਾ ਨੂੰ ਮੀਲ ਦਾ ਪੱਖਰ ਦੱਸਦਿਆਂ ਅਧਿਕਾਰੀ ਨੇ ਕਿਹਾ ਕਿ ਸੀਨੀਅਰ ਭਾਰਤੀ ਡਿਪਲੋਮੈਟ ਦੀ ਯਾਤਰਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਬੈਠਕ ਨਾਲ ਸ਼ੁਰੂ ਹੋਈ ਅਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨਾਲ ਬੈਠਕ ਨਾਲ ਖਤਮ ਹੋਈ। ਬੀਤੇ ਹਫਤੇ ਅਮਰੀਕਾ ਦੀ 3 ਦਿਨੀਂ ਯਾਤਰਾ ਦੌਰਾਨ ਗੋਖਲੇ ਨੇ ਵਿਦੇਸ਼ ਵਿਭਾਗ ਨਾਲ ਮਹੱਤਵਪੂਰਣ ਵਿਚਾਰ ਵਟਾਂਦਰਾ ਅਤੇ ਰਣਨੀਤਕ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਸੀ। ਇਸ ਦੌਰਾਨ ਵਿਆਪਕ ਦੋ-ਪੱਖੀ, ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸੀਨੀਅਰ ਅਧਿਕਾਰੀ ਨੇ ਕਿਹਾ,''ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਲਈ ਸਾਡੀ ਸਾਂਝੀ ਦੂਰ ਦ੍ਰਿਸ਼ਟੀ, ਰੱਖਿਆ ਅਤੇ ਸੁਰੱਖਿਆ ਸਹਿਯੋਗ ਮਜ਼ਬੂਤ ਕਰਨ ਦੇ ਰਸਤਿਆਂ ਦੇ ਬਾਰੇ ਵਿਚ ਚਰਚਾ ਕੀਤੀ। ਜ਼ਾਹਰ ਤੌਰ 'ਤੇ ਉਨ੍ਹਾਂ ਨੇ ਅਫਗਾਨਿਸਤਾਨ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਦੀ ਸਥਿਤੀ 'ਤੇ ਵੀ ਚਰਚਾ ਕੀਤੀ।''


author

Vandana

Content Editor

Related News