ਖਸ਼ੋਗੀ ਨੂੰ ਸਾਊਦੀ ਅਰਬ ਦੇ ਵਲੀ ਅਹਿਦ ਮਾਰਨਾ ਚਾਹੁੰਦੇ ਸਨ : ਰਿਪੋਰਟ

Friday, Feb 08, 2019 - 09:41 AM (IST)

ਖਸ਼ੋਗੀ ਨੂੰ ਸਾਊਦੀ ਅਰਬ ਦੇ ਵਲੀ ਅਹਿਦ ਮਾਰਨਾ ਚਾਹੁੰਦੇ ਸਨ : ਰਿਪੋਰਟ

ਵਾਸ਼ਿੰਗਟਨ (ਭਾਸ਼ਾ)— ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨੇ ਇਕ ਸੀਨੀਅਰ ਸਹਿਯੋਗੀ ਨੂੰ ਕਿਹਾ ਸੀ ਕਿ ਉਹ ਪੱਤਰਕਾਰ ਜਮਾਲ ਖਸ਼ੋਗੀ ਨੂੰ ਗੋਲੀ ਮਾਰ ਦੇਣਗੇ। ਇਕ ਅੰਗਰੇਜ਼ੀ ਅਖਬਾਰ ਵਿਚ ਅਮਰੀਕੀ ਖੁਫੀਆ ਵਿਭਾਗ ਦੇ ਹਵਾਲੇ ਨਾਲ ਪ੍ਰਕਾਸ਼ਿਤ ਖਬਰ ਵਿਚ ਕਿਹਾ ਗਿਆ ਹੈ ਕਿ ਵਲੀ ਅਹਿਦ ਨੇ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਘਰ ਵਿਚ ਖਸ਼ੋਗੀ ਦੀ ਹੱਤਿਆ ਤੋਂ ਕਰੀਬ ਇਕ ਸਾਲ ਪਹਿਲਾਂ ਇਹ ਗੱਲ ਕਹੀ ਸੀ। ਅਖਬਾਰ ਮੁਤਾਬਕ ਅਮਰੀਕੀ ਖੁਫੀਆ ਵਿਭਾਗ ਦਾ ਮੰਨਣਾ ਹੈ ਕਿ ਸਾਊਦੀ ਅਰਬ ਦੇ ਭਵਿੱਖ ਦੇ ਉਤਰਾਧਿਕਾਰੀ ਮੁਹੰਮਦ ਬਿਨ ਸਲਮਾਨ ਪੱਤਰਕਾਰ ਦੀ ਹੱਤਿਆ ਕਰਨਾ ਚਾਹੁੰਦੇ ਸਨ। ਭਾਵੇਂ ਹੀ ਉਹ ਅਸਲ ਵਿਚ ਉਸ ਨੂੰ ਗੋਲੀ ਨਾ ਮਾਰਨਾ ਚਾਹੁੰਦੇ ਹੋਣ। 

ਸ਼ੁਰੂਆਤੀ ਦਿਨਾਂ ਵਿਚ ਖਸ਼ੋਗੀ ਦੀ ਗੁੰਮਸ਼ੁਦਗੀ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰਨ ਦੇ ਬਾਅਦ ਸਾਊਦੀ ਅਰਬ ਨੇ ਮੰਨਿਆ ਕਿ ਉਸ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਦੂਤਘਰ ਦੇ ਅੰਦਰ ਪੱਤਰਕਾਰ ਦੀ ਹੱਤਿਆ ਕਰ ਦਿੱਤੀ। ਪਰ ਸਾਊਦੀ ਅਰਬ ਨੇ ਇਸ ਨੂੰ ਆਪਣੇ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਆਦੇਸ਼ ਦੇ ਕੀਤਾ ਗਿਆ ਕੰਮ ਦੱਸਿਆ, ਜਿਸ ਵਿਚ ਵਲੀ ਅਹਿਦ ਦੀ ਕੋਈ ਭੂਮਿਕਾ ਨਹੀਂ ਸੀ। ਅਖਬਾਰ ਮੁਤਾਬਕ ਅਮਰੀਕੀ ਖੁਫੀਆ ਏਜੰਸੀ ਵੱਲੋਂ ਸਧਾਰਨ ਤੌਰ 'ਤੇ ਦੁਨੀਆ ਭਰ ਦੇ ਸਾਰੇ ਦੋਸਤ-ਦੁਸ਼ਮਣ ਦੇਸ਼ਾਂ ਦੇ ਨੇਤਾਵਾਂ ਦੀ ਗੱਲਬਾਤ ਨੂੰ ਰਿਕਾਰਡ ਕਰ ਕੇ ਰੱਖਿਆ ਜਾਂਦਾ ਹੈ। ਅਜਿਹੇ ਹੀ ਰਿਕਾਰਡ ਤੋਂ ਇਹ ਸੂਚਨਾ ਸਾਹਮਣੇ ਆਈ ਹੈ। 

ਭਾਵੇਂਕਿ ਇਸ ਗੱਲਬਾਤ ਨੂੰ ਖਸ਼ੋਗੀ ਹੱਤਿਆਕਾਂਡ ਵਿਚ ਮੁਹੰਮਦ ਬਿਨ ਸਲਮਾਨ ਵਿਰੁੱਧ ਠੋਸ ਸਬੂਤ ਲੱਭਣ ਦਾ ਦਬਾਅ ਖੁਫੀਆ ਵਿਭਾਗ 'ਤੇ ਵੱਧਣ ਦੇ ਬਾਅਦ ਹਾਲ ਵਿਚ ਹੀ ਟ੍ਰਾਂਸਕ੍ਰਾਈਬ ਕੀਤਾ ਗਿਆ ਹੈ। ਖਬਰ ਮੁਤਾਬਕ ਇਹ ਗੱਲਬਾਤ ਮੁਹੰਮਦ ਬਿਨ ਸਲਮਾਨ ਅਤੇ ਉਨ੍ਹਾਂ ਦੇ  ਸਹਿਯੋਗੀ ਤੁਰਕੀ ਅਲਦਾਖਿਲ ਵਿਚ ਸਤੰਬਰ 2017 ਦੀ ਹੈ। ਗੌਰਤਲਬ ਹੈ ਕਿ 2 ਅਕਤੂਬਰ 2018 ਨੂੰ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਗਈ ਸੀ।


author

Vandana

Content Editor

Related News