ਅਮਰੀਕਾ ਨੇ ਭਾਰਤੀ ਨਾਗਰਿਕ ਸਣੇ 2 ਵਿਅਕਤੀਆਂ ਅਤੇ 7 ਸੰਸਥਾਵਾਂ ''ਤੇ ਲਾਈਆਂ ਪਾਬੰਦੀਆਂ, ਜਾਣੋ ਵਜ੍ਹਾ
Saturday, Dec 10, 2022 - 03:31 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਉੱਤਰੀ ਕੋਰੀਆਈ ਸਰਕਾਰ ਵੱਲੋਂ ਸੰਚਾਲਿਤ ਐਨੀਮੇਸ਼ਨ ਸਟੂਡੀਓ ਦੀ ਤਰਫੋਂ ਕੰਮ ਕਰਨ ਅਤੇ ਉਸ ਨੂੰ ਸਮਰਥਨ ਦੇਣ ਲਈ ਇਕ ਭਾਰਤੀ ਨਾਗਰਿਕ ਸਮੇਤ 2 ਵਿਅਕਤੀਆਂ ਅਤੇ 7 ਸੰਸਥਾਵਾਂ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੀ ਪੂਰਬਲੀ ਸ਼ਾਮ ਅਤੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਰੋਕੂ ਦਿਵਸ ਦੇ ਮੌਕੇ 'ਤੇ ਇਹ ਕਾਰਵਾਈ ਕੀਤੀ। ਉਸ ਨੇ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਲਈ ਜਵਾਬਦੇਹੀ ਤੈਅ ਕਰਨ ਦੀ ਕੋਸ਼ਿਸ਼ ਵਿੱਚ ਇਹ ਕਾਰਵਾਈ ਕੀਤੀ।
ਯੂਐਸ ਸਟੇਟ ਡਿਪਾਰਟਮੈਂਟ ਦੇ ਅਨੁਸਾਰ, ਅਮਰੀਕਾ ਨੇ ਉੱਤਰੀ ਕੋਰੀਆਈ ਸਰਕਾਰ ਵੱਲੋਂ ਸੰਚਾਲਿਤ ਐਨੀਮੇਸ਼ਨ ਸਟੂਡੀਓ 'SEK ਸਟੂਡੀਓ' ਦੀ ਤਰਫੋਂ ਕੰਮ ਕਰਨ ਅਤੇ ਉਸ ਨੂੰ ਸਹਿਯੋਗ ਦੇਣ ਲਈ 2 ਵਿਅਕਤੀਆਂ ਅਤੇ 7 ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ। ਜਿਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ਵਿੱਚ ਫਰਾਂਸ ਵਿਚ ਰਹਿਣ ਵਾਲੇ ਕਿਮ ਮਿਆਂਗ ਚੋਲ, ਭਾਰਤ ਦੇ ਸੁਭਾਸ਼ ਜਾਧਵ, ਹਾਂਗਕਾਂਗ ਦੀ ਏਵਰਲਾਸਟਿੰਗ ਐਂਪਾਇਰ ਲਿਮਟਿਡ, ਤਿਆਨ ਫੇਂਗ (ਹਾਂਗਕਾਂਗ) ਹੋਲਡਿੰਗ ਲਿਮਟਿਡ, ਚੀਨ ਦੀ ਫੁਜਿਆਨ ਨਾਨ ਇੰਪੋਰਟ ਐਂਡ ਐਕਸਪੋਰਟ ਕੰਪਨੀ, ਰੂਸੀ ਸੰਘ ਦੀ ਲਿਮਟਿਡ ਲਿਏਬਿਲਟੀ ਕੰਪਨੀ ਕਾਈਨੋਟਿਸ, ਸਿੰਗਾਪੁਰ ਦੀ ਫਨਸਾਗਾ ਪੀ ਲਿਮਟਿਡ, ਚੀਨ ਦੀ ਯਾਂਗਚੇਂਗ ਥ੍ਰੀ ਲਾਈਨ ਵਨ ਪੁਆਇੰਟ ਐਨੀਮੇਸ਼ਨ ਕੋ ਲਿਮਟਿਡ ਅਤੇ ਕਵਾਂਝੋ ਯਾਂਗਜਿਨ ਇੰਪੋਰਟ ਐਂਡ ਐਕਸਪੋਰਟ ਟਰੇਡ ਕੋ ਲਿਮਟਿਡ ਸ਼ਾਮਲ ਹਨ। ਅਮਰੀਕੀ ਖਜ਼ਾਨਾ ਵਿਭਾਗ ਨੇ ਦੱਸਿਆ ਕਿ ਜਾਧਵ ਫਨਸਾਗਾ ਪੀ ਲਿਮਟਿਡ ਦੇ ਡਾਇਰੈਕਟਰ ਹਨ ਅਤੇ ਉਨ੍ਹਾਂ ਨੇ ਐਨੀਮੇਸ਼ਨ ਪ੍ਰੋਜੈਕਟ ਦੇ ਨਿਰਮਾਣ ਲਈ ਐੱਸ.ਈ.ਸੀ. ਨਾਲ ਸਮਝੌਤਾ ਕੀਤਾ ਸੀ।