ਟਰੰਪ ਦਾ ਡ੍ਰੈਗਨ ''ਤੇ ਇਕ ਹੋਰ ਟੈਰਿਫ ਬੰਬ, ਅਮਰੀਕਾ ਹੁਣ ਚੀਨ ਤੋਂ ਵਸੂਲੇਗਾ 245 ਫੀਸਦੀ ਟੈਰਿਫ
Wednesday, Apr 16, 2025 - 08:06 PM (IST)

ਬਿਜ਼ਨੈੱਸ ਡੈਸਕ- ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਯੁੱਧ ਜਾਰੀ ਹੈ। ਇਸ ਵਿਚਕਾਰ ਅਮਰੀਕਾ ਹੁਣ ਚੀਨ 'ਤੇ 245 ਫੀਸਦੀ ਟੈਰਿਫ ਵਸੂਲਣ ਵਾਲਾ ਹੈ। ਇਹ ਅੰਕੜਾ ਜੋ ਹੁਣ ਤੱਕ ਸਿਰਫ਼ 145 ਫੀਸਦੀ ਸੀ ਜੋ ਕਿ ਹੁਣ ਵਧ ਕੇ 245 ਫੀਸਦੀ ਹੋਣ ਜਾ ਰਿਹਾ ਹੈ। ਦਰਅਸਲ, ਮੰਗਲਵਾਰ ਦੇਰ ਰਾਤ ਅਮਰੀਕਾ ਨੇ ਚੀਨੀ ਦਰਾਮਦਾਂ 'ਤੇ 245 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ।
ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਨੂੰ ਹੁਣ ਆਪਣੇ ਆਯਾਤ 'ਤੇ 245 ਫੀਸਦੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਪਹਿਲਾਂ ਵੀ ਅਮਰੀਕਾ ਇਸੇ ਤਰ੍ਹਾਂ ਚੀਨ 'ਤੇ ਲਗਾਤਾਰ ਟੈਰਿਫ ਲਗਾਉਣ ਦਾ ਐਲਾਨ ਕਰ ਚੁੱਕਾ ਹੈ। ਰਾਸ਼ਟਰਪਤੀ ਟਰੰਪ ਦੇ ਅਨੁਸਾਰ, ਚੀਨ ਲਗਾਤਾਰ ਬਦਲਾ ਲੈਂਦਾ ਰਿਹਾ ਹੈ ਅਤੇ ਗੱਲਬਾਤ ਦੀ ਮੇਜ਼ 'ਤੇ ਆਉਣ ਦੀ ਬਜਾਏ ਉਸਨੇ ਹੋਰ ਟੈਰਿਫ ਲਗਾਏ ਹਨ। ਇਸ ਲਈ ਇੱਥੇ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ।
ਵ੍ਹਾਈਟ ਹਾਊਸ ਨੇ ਕਿਹਾ ਕਿ 75 ਤੋਂ ਵੱਧ ਦੇਸ਼ ਪਹਿਲਾਂ ਹੀ ਨਵੇਂ ਵਪਾਰ ਸਮਝੌਤਿਆਂ 'ਤੇ ਚਰਚਾ ਕਰਨ ਲਈ ਸੰਪਰਕ ਕਰ ਚੁੱਕੇ ਹਨ। ਇਸ ਦੇ ਮੱਦੇਨਜ਼ਰ, ਚੀਨ ਨੂੰ ਛੱਡ ਕੇ ਹੋਰ ਦੇਸ਼ਾਂ 'ਤੇ ਜਵਾਬੀ ਟੈਰਿਫ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਅਨੁਸਾਰ, ਚੀਨ ਨੇ ਜਵਾਬੀ ਕਾਰਵਾਈ ਕੀਤੀ ਹੈ ਅਤੇ ਇਸ ਲਈ ਅਮਰੀਕਾ ਵਿੱਚ ਆਯਾਤ ਕੀਤੇ ਜਾਣ ਵਾਲੇ ਚੀਨੀ ਉਤਪਾਦਾਂ 'ਤੇ 245 ਫੀਸਦੀ ਤੱਕ ਦਾ ਟੈਰਿਫ ਲਗਾਇਆ ਜਾਵੇਗਾ।
ਚੀਨ ਨੇ ਅਮਰੀਕਾ ਵੱਲੋਂ ਲਗਾਏ ਗਏ 245 ਫੀਸਦੀ ਟੈਰਿਫ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੂੰ ਟੈਰਿਫ ਦੇ ਅੰਕੜਿਆਂ ਦਾ ਸਪੱਸ਼ਟ ਵੇਰਵਾ ਦੇਣਾ ਚਾਹੀਦਾ ਹੈ। ਅਮਰੀਕਾ ਨੇ ਚੀਨੀ ਦਰਾਮਦਾਂ 'ਤੇ 245 ਫੀਸਦੀ ਤੱਕ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਅਮਰੀਕੀ ਪੱਖ ਨੂੰ "ਵਿਸ਼ੇਸ਼ ਟੈਕਸ ਦਰ ਦੇ ਅੰਕੜੇ" ਦਾ ਖੁਲਾਸਾ ਕਰਨਾ ਚਾਹੀਦਾ ਹੈ।
ਬੁੱਧਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ, ਲਿਨ ਨੇ ਕਿਹਾ ਕਿ ਚੀਨ ਨੇ ਟੈਰਿਫ ਮੁੱਦੇ 'ਤੇ ਆਪਣੀ ਸਥਿਤੀ ਵਾਰ-ਵਾਰ ਸਪੱਸ਼ਟ ਕੀਤੀ ਹੈ। ਉਨ੍ਹਾਂ ਕਿਹਾ ਕਿ ਟੈਰਿਫ ਯੁੱਧ ਅਮਰੀਕਾ ਦੁਆਰਾ ਸ਼ੁਰੂ ਕੀਤਾ ਗਿਆ ਸੀ ਅਤੇ ਬੀਜਿੰਗ ਨੇ ਆਪਣੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਅਤੇ ਅੰਤਰਰਾਸ਼ਟਰੀ ਨਿਰਪੱਖਤਾ ਅਤੇ ਨਿਆਂ ਦੀ ਰੱਖਿਆ ਲਈ ਜਵਾਬੀ ਉਪਾਅ ਕੀਤੇ ਹਨ। ਇਹ ਕਦਮ ਪੂਰੀ ਤਰ੍ਹਾਂ "ਵਾਜਬ ਅਤੇ ਕਾਨੂੰਨੀ" ਹਨ। ਉਨ੍ਹਾਂ ਕਿਹਾ ਕਿ ਟੈਰਿਫ ਅਤੇ ਵਪਾਰ ਯੁੱਧਾਂ ਵਿੱਚ ਕੋਈ ਜੇਤੂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਚੀਨ ਇਨ੍ਹਾਂ ਜੰਗਾਂ ਨੂੰ ਲੜਨਾ ਨਹੀਂ ਚਾਹੁੰਦਾ ਪਰ ਇਨ੍ਹਾਂ ਤੋਂ ਡਰਦਾ ਵੀ ਨਹੀਂ ਹੈ। ਉਨ੍ਹਾਂ ਨੇ ਹੱਥ ਮਿਲਾਉਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਚੀਨ ਦੀ ਵਚਨਬੱਧਤਾ ਪ੍ਰਗਟ ਕੀਤੀ।