ਜੰਗ ਜਿਹੇ ਹਾਲਾਤ ਵਿਚਾਲੇ ਅਮਰੀਕਾ ਨੇ ਈਰਾਨ ''ਤੇ ਲਾਈਆਂ ਨਵੀਆਂ ਪਾਬੰਦੀਆਂ

01/11/2020 2:02:38 PM

ਵਾਸ਼ਿੰਗਟਨ- ਅਮਰੀਕਾ ਤੇ ਈਰਾਨ 'ਚ ਤਣਾਅ ਵਿਚਾਲੇ ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਈਰਾਨ 'ਤੇ ਕੁਝ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਈਰਾਨ ਵਲੋਂ ਇਰਾਕ ਵਿਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਕੀਤੇ ਹਮਲੇ ਤੋਂ ਬਾਅਦ ਵਾਸ਼ਿੰਗਟਨ ਨੇ ਇਹ ਕਦਮ ਚੁੱਕਿਆ ਹੈ।

ਦੱਸ ਦਈਏ ਕਿ ਇਰਾਕ ਵਿਚ ਅਮਰੀਕੀ ਦੂਤਘਰ 'ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਆਪਣੇ ਇਕ ਡਰੋਨ ਹਮਲੇ ਵਿਚ ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਜੰਗ ਜਿਹੇ ਹਾਲਾਤ ਪੈਦਾ ਹੋ ਗਏ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਈਰਾਨੀ ਕੱਪੜਾ, ਨਿਰਮਾਣ ਜਾਂ ਖੋਦਾਈ ਨੂੰ ਲੈ ਕੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਸਟੀਲ ਖੇਤਰ ਦੇ ਖਿਲਾਫ ਵੱਖ-ਵੱਖ ਪਾਬੰਦੀਆ ਵੀ ਲਾਈਆਂ ਜਾਣਗੀਆਂ। ਉਹਨਾਂ ਨੇ ਅੱਗੇ ਕਿਹਾ ਕਿ ਇਹਨਾਂ ਕੰਮਾਂ ਦੇ ਨਤੀਜੇ ਵਜੋਂ ਅਸੀਂ ਈਰਾਨੀ ਸ਼ਾਸਨ ਨੂੰ ਮਿਲਣ ਵਾਲੀ ਅਰਬਾਂ ਡਾਲਰ ਦੀ ਸਪੋਰਟ ਵਿਚ ਕਟੌਤੀ ਕਰਾਂਗੇ। ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ 2015 ਵਿਚ ਪ੍ਰਮਾਣੂ ਸਮਝੌਤੇ ਦੇ ਤਹਿਤ ਦਿੱਤੀ ਛੋਟ ਦੀਆਂ ਸਾਰੀਆਂ ਪਾਬੰਦੀਆਂ ਨੂੰ ਬਹਾਲ ਕਰ ਦਿੱਤਾ ਹੈ, ਜਿਸ ਨਾਲ ਈਰਾਨ ਵਿਚ ਆਰਥਿਕ ਕਠਿਨਾਈ ਪੈਦਾ ਹੋ ਗਈ ਹੈ। ਉਸ ਦੀ ਤੇਲ ਬਰਾਮਦ ਵਿਚ ਵੀ ਇਤਿਹਾਸਿਕ ਕਮੀ ਆਈ ਹੈ।

ਦੱਸਣਯੋਗ ਹੈ ਕਿ ਅਮਰੀਕੀ ਫੌਜ ਨੇ 3 ਜਨਵਰੀ ਨੂੰ ਬਗਦਾਦ ਹਵਾਈ ਅੱਡੇ ਦੇ ਕੋਲ ਇਕ ਡਰੋਨ ਹਮਲੇ ਵਿਚ ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕੀਤੀ ਸੀ। ਇਸ ਫੌਜੀ ਆਪ੍ਰੇਸ਼ਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ 'ਤੇ ਹੋਇਆ ਸੀ। ਉਸ ਵੇਲੇ ਸੁਲੇਮਾਨੀ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਸੀ। ਉਹ ਦੋ ਗੱਡੀਆਂ ਦੇ ਕਾਫਿਲੇ ਵਿਚ ਚੱਲ ਰਿਹਾ ਸੀ, ਜਿਸ ਵਿਚ ਈਰਾਨ ਸਮਰਥਿਤ ਇਰਾਕੀ ਫੌਜ ਦੇ ਲੋਕ ਵੀ ਸਵਾਰ ਸਨ।


Baljit Singh

Content Editor

Related News