ਕਮਲਾ-ਹਿਲੇਰੀ ਨੇ ਚੋਣਾਂ ਲਈ ਇਕੱਠੇ ਕੀਤੇ 60 ਲੱਖ ਡਾਲਰ, ਉਡਾਇਆ ਟਰੰਪ ਦਾ ਮਜ਼ਾਕ
Tuesday, Sep 15, 2020 - 02:08 PM (IST)
ਵਾਸ਼ਿੰਗਟਨ- ਭਾਰਤੀ ਮੂਲ ਦੀ ਸੈਨੇਟਰ ਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ 2016 ਵਿਚ ਰਾਸ਼ਟਰਪਤੀ ਅਹੁਦੇ ਲਈ ਖੜ੍ਹੀ ਹੋਈ ਉਮੀਦਵਾਰ ਹਿਲੇਰੀ ਕਲਿੰਟਨ ਨੇ ਇਕ ਪ੍ਰੋਗਰਾਮ ਵਿਚ 60 ਲੱਖ ਡਾਲਰ ਇਕੱਠੇ ਕੀਤੇ। ਇਸ ਪ੍ਰੋਗਰਾਮ ਵਿਚ ਦੋਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਜ਼ਾਕ ਉਡਾਇਆ।
ਫੰਡ ਇਕੱਠਾ ਕਰਨ ਲਈ ਹੋਏ ਇਸ ਡਿਜੀਟਲ ਪ੍ਰੋਗਰਾਮ ਵਿਚ ਕਲਿੰਟਨ ਨੇ ਕਿਹਾ, "ਮੈਂ ਟਰੰਪ ਨੂੰ ਕਦੇ ਹੱਸਦਿਆਂ ਨਹੀਂ ਦੇਖਿਆ ,ਕਦੇ ਵੀ ਉਨ੍ਹਾਂ ਨੂੰ ਆਪਣਾ ਮਜ਼ਾਕ ਬਣਾਉਂਦੇ ਨਹੀਂ ਦੇਖਿਆ। ਨਿਸ਼ਚਿਤ ਤੌਰ 'ਤੇ ਉਨ੍ਹਾਂ ਦੇ ਵਾਲ ਬਣਾਉਣ ਦੇ ਤਰੀਕੇ 'ਤੇ ਨਹੀਂ, ਤੁਹਾਨੂੰ ਪਤਾ ਹੈ ਕਿ ਇਸ ਵਿਚ ਮੈਨੂੰ ਕਾਫੀ ਅਨੁਭਵ ਹੈ। ਉਨ੍ਹਾਂ ਵਿਚ ਹੱਸਣਾ-ਮਜ਼ਾਕ ਕਰਨ ਵਾਲਾ ਤਰੀਕਾ (ਹੱਸਣ ਦਾ ਬੋਧ) ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਉਹ ਲੋਕਾਂ ਨੂੰ ਸੁੱਟਣਾ ਚੰਗਾ ਸਮਝਦੇ ਹਨ ਨਾ ਕਿ ਕਿਸੇ ਨੂੰ ਚੁੱਕਣਾ।" ਹੈਰਿਸ ਨੇ ਕਿਹਾ ਕਿ ਉਨ੍ਹਾਂ ਬਾਰੇ ਅਜਿਹਾ ਕੁਝ ਨਹੀਂ ਹੈ ਜੋ ਆਨੰਦ ਦੇਣ ਵਾਲਾ ਹੋਵੇ।
ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਮਰੀਕੀ ਅਦਾਕਾਰਾ, ਗਾਇਕਾ, ਕਾਮੇਡੀਅਨ ਮਾਇਆ ਖਬੀਰਾ ਰੂਡੋਲਫ ਅਤੇ ਐਮੀ ਪੋਹਲਰ ਨੇ ਕੀਤੀ ਹੈ। ਆਪਣੀ ਟਿੱਪਣੀ ਵਿਚ ਕਲਿੰਟਨ ਨੇ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਵਿਚ ਲੱਗੀ ਜੰਗਲੀ ਅੱਗ ਦਾ ਮੁੱਦਾ ਚੁੱਕਿਆ। ਇਸ ਦੇ ਨਾਲ ਹੀ ਹਵਾ ਦੀ ਗੁਣਵੱਤਾ ਦਾ ਮੁੱਦਾ ਵੀ ਚੁੱਕਿਆ। ਹੈਰਿਸ ਨੇ ਸਾਬਕਾ ਵਿਦੇਸ਼ ਮੰਤਰੀ ਕਲਿੰਟਨ ਨੂੰ ਬੀਬੀਆਂ ਲਈ ਆਦਰਸ਼ ਦੱਸਿਆ।