ਅਮਰੀਕੀ ਰੱਖਿਆ ਮੰਤਰੀ ਆਸਟਿਨ ਨੇ ਜਾਪਾਨ, ਦੱਖਣੀ ਕੋਰੀਆ ਤੇ ਬ੍ਰਿਟੇਨ ਨਾਲ ਕੀਤੀ ਚਰਚਾ

01/24/2021 6:09:01 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਜਾਪਾਨ, ਬ੍ਰਿਟੇਨ ਅਤੇ ਦੱਖਣੀ ਕੋਰੀਆ ਦੇ ਆਪਣੇ ਹਮਰੁਤਬਿਆਂ ਨਾਲ ਗੱਲਬਾਤ ਕੀਤੀ। ਪੇਂਟਾਗਨ ਨੇ ਇਹ ਜਾਣਕਾਰੀ ਦਿੱਤੀ। ਪੇਂਟਾਗਨ ਨੇ ਬੁਲਾਰੇ ਜੌਨ ਕਿਰਬੀ ਨੇ ਦੱਸਿਆ ਕਿ ਜਾਪਾਨ ਦੇ ਰੱਖਿਆ ਮੰਤਰੀ ਨੋਬੁਓ ਕਿਸ਼ੀ ਨਾਲ ਗੱਲਬਾਤ ਦੌਰਾਨ ਆਸਟਿਨ ਨੇ ਅਮਰੀਕਾ-ਜਾਪਾਨ ਗਠਜੋੜ ਦੇ ਪ੍ਰਤੀ ਅਮਰੀਕਾ ਦੀਆਂ ਵਚਨਬੱਧਤਾਵਾਂ ਨੂੰ ਦੁਹਰਾਇਆ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਤੇ ਸੁਰੱਖਿਆ ਬਰਕਰਾਰ ਰੱਖਣ ਦੇ ਮਹੱਤਵ 'ਤੇ ਜ਼ੋਰ ਦਿੱਤਾ। 

ਕਿਰਬੀ ਨੇ ਕਿਹਾ ਕਿ ਆਸਟਿਨ ਅਤੇ ਕਿਸ਼ੀ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਰੱਖਿਆ ਮੁੱਦਿਆਂ ਦੇ ਵਿਆਪਕ ਪਹਿਲੂਆਂ 'ਤੇ ਚਰਚਾ ਕੀਤੀ ਅਤੇ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਅਦ ਵੀ ਸਹਿਯੋਗੀ ਦੇਸ਼ਾਂ ਦੀ ਤਿਆਰੀ ਯਕੀਨੀ ਰੱਖਣ 'ਤੇ ਵਿਚਾਰ ਵਟਾਂਦਰੇ ਕੀਤੇ। ਕਿਰਬੀ ਨੇ ਦੱਸਿਆ ਕਿ ਕਿਸ਼ੀ ਨੇ ਆਸਟਿਨ ਨੂੰ ਰੱਖਿਆ ਮੰਤਰੀ ਬਣਨ 'ਤੇ ਵਧਾਈ ਦਿੱਤੀ। ਆਸਟਿਨ ਨੇ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਲਾਸ ਨਾਲ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਸੰਬੰਧਾਂ ਦੇ ਮਹੱਤਵ ਨੂੰ ਦੁਹਰਾਇਆ। ਦੋਹਾਂ ਰੱਖਿਆ ਮੰਤਰੀਆਂ ਵਿਚਾਲੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ, ਚੀਨ ਦੇ ਵੱਧਦੇ ਪ੍ਰਭਾਵ ਅਤੇ ਰੂਸ ਵੱਲੋਂ ਪੇਸ਼ ਆ ਰਹੇ ਖਤਰਿਆਂ ਨਾਲ ਨਜਿੱਠਣ, ਇਰਾਕ ਅਤੇ ਅਫਗਾਨਿਸਤਾਨ ਵਿਚ ਮੁਹਿੰਮਾਂ ਸਮੇਤ ਕਈ ਆਪਸੀ ਹਿਤਾਂ ਵਾਲੇ ਮੁੱਦਿਆਂ 'ਤੇ ਚਰਚਾ ਹੋਈ। 

ਰੱਖਿਆ ਮੰਤਰੀ ਆਸਟਿਨ ਨੇ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਸੁਹ ਵੁਤ ਨਾਲ ਵੀ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚ ਕਰੀਬੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਮਜ਼ਬੂਤ ਸੰਬੰਧਾਂ ਦਾ ਜ਼ਿਕਰ ਕੀਤਾ। ਆਸਟਿਨ ਨੇ ਦੱਖਣੀ ਕੋਰੀਆ ਦੀ ਰੱਖਿਆ ਕਰਨ ਲਈ ਅਮਰੀਕਾ ਦੀਆਂ ਵਚਨਬੱਧਤਾਵਾਂ ਨੂੰ ਰੇਖਾਂਕਿਤ ਕੀਤਾ। ਦੋਹਾਂ ਹੀ ਮੰਤਰੀਆਂ ਨੇ ਕੋਰੀਆਈ ਪ੍ਰਾਇਦੀਪ ਵਿਚ ਰੱਖਿਆ ਸਥਿਤੀਆਂ 'ਤੇ ਵੀ ਚਰਚਾ ਕੀਤੀ। ਉੱਥੇ ਆਸਟਿਨ ਨੇ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਨਿਰਦੇਸ਼ ਦਿੰਦੇ ਹੋਏ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਹਨਾਂ ਨੂੰ ਸੈਨਾ ਵਿਚ ਯੌਨ ਹਮਲੇ ਅਤੇ ਯੌਨ ਸ਼ੋਸ਼ਣ ਨੂੰ ਰੋਕਣ ਨਾਲ ਸਬੰਧਤ ਪ੍ਰੋਗਰਾਮਾਂ ਦੀ ਰਿਪੋਰਟ ਦੋ ਹਫਤੇ ਦੇ ਅੰਦਰ ਭੇਜਣ। ਇਸ ਦੇ ਨਾਲ ਹੀ ਇਹ ਵੀ ਦੱਸਣ ਕਿ ਯੌਨ ਹਮਲਿਆਂ ਨੂੰ ਰੋਕਣ ਵਿਚ ਕਿਹੜੇ ਪ੍ਰੋਗਰਾਮ ਕਾਰਗਰ ਰਹੇ ਹਨ ਅਤੇ ਕਿਹੜੇ ਅਸਫਲ। ਆਸਟਿਨ ਨੇ ਰੱਖਿਆ ਮੰਤਰੀ ਦੇ ਤੌਰ 'ਤੇ ਆਪਣੇ ਨਾਮ ਦੀ ਪੁਸ਼ਟੀ ਹੋਣ ਵਾਲੀ ਸੁਣਵਾਈ ਦੌਰਾਨ ਪਿਛਲੇ ਹਫਤੇ ਸੈਨੇਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੈਨਾ ਵਿਚ ਯੌਨ ਹਮਲੇ ਅਤੇ ਯੌਨ ਸ਼ੋਸ਼ਣ ਦੀਆਂ ਸਮੱਸਿਆਵਾਂ ਨਾਲ ਤੁਰੰਤ ਨਜਿੱਠਣਗੇ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News