ਕੋਵਿਡ-19: USA ‘ਚ 323 ਮੌਤਾਂ, ਨਿਊਯਾਰਕ ‘ਚ 10 ਹਜ਼ਾਰ ਤੋਂ ਵੱਧ ਲੋਕ ਪੀੜਤ

Sunday, Mar 22, 2020 - 10:07 AM (IST)

ਕੋਵਿਡ-19: USA ‘ਚ 323 ਮੌਤਾਂ, ਨਿਊਯਾਰਕ ‘ਚ 10 ਹਜ਼ਾਰ ਤੋਂ ਵੱਧ ਲੋਕ ਪੀੜਤ

ਨਿਊਯਾਰਕ : ਯੂ. ਐੱਸ. ਦੀ ਸਟੇਟ ਨਿਊਯਾਰਕ ਵਿਚ ਰਹਿ ਰਹੇ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਮਿੱਤਰ ਹੈ ਤਾਂ ਕੋਰੋਨਾ ਵਾਇਰਸ ਤੋਂ ਬਚਣ ਲਈ ਹਰ ਕਿਸੇ ਨਾਲ ਦੂਰੀ ਬਣਾ ਕੇ ਰੱਖੋ। ਨਿਊਯਾਰਕ ਸੂਬੇ ਵਿਚ ਕੋਰੋਨਾ ਵਾਇਰਸ ਦੇ 10,356 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 6,211 ਮਾਮਲੇ ਇਕੱਲੇ ਨਿਊਯਾਰਕ ਸ਼ਹਿਰ ਦੇ ਹੀ ਹਨ। ਗਵਰਨਰ ਐਂਡਰੀਊ ਕਿਊਮੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵੈਸਟਚੈਸਟਰ ਵਿਚ 1,385, ਨਾਸਾਓ ਵਿਚ 1,234 ਅਤੇ ਸੁਫੋਲਕ ਵਿਚ 662 ਮਾਮਲੇ ਦਰਜ ਹੋਏ ਹਨ। ਜਾਨ ਹੋਪਿਕਿੰਸ ਯੂਨੀਵਰਸਿਟੀ ਮੁਤਾਬਕ ਸੂਬੇ ਵਿਚ ਕੋਰੋਨਾ ਵਾਇਰਸ ਨਾਲ 56 ਮਰੀਜ਼ਾਂ ਦੀ ਮੌਤ ਹੋਈ ਹੈ।

 

ਨਿਊਯਾਰਕ ਸ਼ਹਿਰ ਕਿਲਰ ਕੋਰੋਨਾ ਵਾਇਰਸ ਨਾਲ ਬਦਤਰ ਹੋ ਰਿਹਾ ਹੈ। ਤਕਰੀਬਨ 90 ਲੱਖ ਲੋਕਾਂ ਦੀ ਆਬਾਦੀ ਵਾਲਾ ਇਹ ਸ਼ਹਿਰ ‘ਵੁਹਾਨ’ ਬਣਦਾ ਜਾ ਰਿਹਾ ਹੈ। ਯੂ. ਐੱਸ. ਵਿਚ ਹਰ 5 ਵਿਚੋਂ 1 ਅਮਰੀਕੀ ਨੂੰ ਘਰ ਅੰਦਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਯੂ. ਐੱਸ ਵਿਚ ਕੁੱਲ ਮਿਲਾ ਕੇ 25,000 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਤੇ 323 ਦੀ ਮੌਤ ਹੋ ਚੁੱਕੀ ਹੈ।

ਹੋਟਲ-ਸਟੇਡੀਅਮ ਹਸਪਤਾਲਾਂ ‘ਚ ਤਬਦੀਲ-
ਅਮਰੀਕਾ ਵਿਚ ਹੋਟਲ, ਸਟੇਡੀਅਮ ਅਤੇ ਪਾਰਕਿੰਗ ਥਾਵਾਂ ਹਸਪਤਾਲਾਂ ਤੇ ਕਲੀਨਿਕਾਂ ਵਿਚ ਬਦਲ ਦਿੱਤੇ ਗਏ ਹਨ। ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਭੀੜ ਦੇ ਮੱਦੇਨਜ਼ਰ ਬਹੁਤ ਸਾਰੇ ਹਿੱਸਿਆਂ ਵਿਚ ਫੌਜ ਤੇ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ। ਚੀਨ ਦੇ ਵੁਹਾਨ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਹੁਣ ਨਿਊਯਾਰਕ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਨੂੰ ਇਕ ਵੱਡੀ ਤਬਾਹੀ ਵਾਲਾ ਇਲਾਕਾ ਘੋਸ਼ਿਤ ਕਰ ਦਿੱਤਾ ਹੈ। ਨਿਊਯਾਰਕ ਵਿਚ ਸਿਰਫ 24 ਘੰਟਿਆਂ ਵਿਚ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਵਿਚਕਾਰ ਟਰੰਪ ਨੇ ਦੋ ਨਵੀਂਆਂ ਦਵਾਈਆਂ ਨੂੰ ਮਨਜ਼ੂਰੀ ਦਿੱਤੀ ਹੈ।


author

Lalita Mam

Content Editor

Related News