ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕਾਕਸ ਨੇ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ

Thursday, Dec 10, 2020 - 06:07 PM (IST)

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕੀ ਕਾਂਗਰਸਮੈਨਾਂ ਨੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀਬਾੜੀ ਬਿੱਲਾਂ ਖਿਲਾਫ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਅੰਦੋਲਨ ‘ਚ ਕਿਸਾਨ ਭਾਰਤ ਦੀ ਰਾਜਧਾਨੀ ‘ਚ ਡਟੇ ਹੋਏ ਹਨ ਅਤੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਭਾਰਤ ‘ਚ ਕਿਸਾਨਾਂ ਲਈ ਆਪਣੀ ਚਿੰਤਾ ਪ੍ਰਗਟ ਕਰਨ ‘ਤੇ ਅਮਰੀਕਾ ਸਥਿਤ ਸਿੱਖ ਜਥੇਬੰਦੀਆਂ ਨੇ ਅਮਰੀਕੀ ਕਾਂਗਰਸਮੈਨਾਂ ਦੀ ਪ੍ਰਸ਼ੰਸਾ ਕੀਤੀ। ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਕਿਸਾਨਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਵਾਲੀ ਭਾਰਤ ਸਰਕਾਰ ਨੂੰ ਕਰੜੇ ਹੱਥੀਂ ਲੈਣ ਲਈ ਸਰਾਹਨਾ ਕੀਤੀ।ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸੰਬੋਧਨ ਕਰਦਿਆਂ ਕਾਂਗਰਸਮੈਨ ਜੌਹਨ ਗੈਰਾਮੰਡੀ, ਜਿਮ ਕੋਸਟਾ ਅਤੇ ਸ਼ੀਲਾ ਜੈਕਸਨ ਲੀ ਨੇ ਸਾਂਝੇ ਬਿਆਨ ‘ਚ ਕਿਹਾ ਕਿ ਕਿਸਾਨ ਨਵੇਂ ਖੇਤੀ ਕਾਨੂੰਨਾਂ ਬਾਰੇ ਬਣੇ ਬਿੱਲਾਂ ਨੂੰ ਖਤਮ ਕਰਨ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਕਾਂਗਰਸਮੈਨਾਂ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਪ੍ਰਤੀਕਿਰਿਆ ‘ਤੇ ਡੂੰਘੀ ਚਿੰਤਾ ਵਿਚ ਹਨ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ਾਂਤੀਪੂਰਨ ਵਿਰੋਧ ‘ਚ ਇਕੱਠਾ ਹੋਣ ਦੇ ਅਧਿਕਾਰ ਨੂੰ ਦਬਾ ਦਿੱਤਾ ਹੈ। ਆਪਣੀਆਂ ਚਿੰਤਾਵਾਂ ਜ਼ਾਹਿਰ ਕਰਦਿਆਂ ਕਾਂਗਰਸਮੈਨਾਂ ਨੇ ਕਿਹਾ ਕਿ ਉਹ ਇਸ ਸਾਲ ਭਾਰਤ ਸਰਕਾਰ ਵੱਲੋਂ ਉਨ੍ਹਾਂ ਕੰਮਾਂ ਨੂੰ ਦੇਖਣ ਰਹੇ ਹਨ, ਜਿਨ੍ਹਾਂ ਨੇ ਕਈ ਭਾਰਤੀਆਂ ਦੇ ਅਧਿਕਾਰਾਂ ਨੂੰ ਸੱਟ ਮਾਰੀ ਹੈ, ਨਾ ਸਿਰਫ ਕਿਸਾਨਾਂ ਦੇ, ਸਗੋਂ ਧਾਰਮਿਕ ਘੱਟ ਗਿਣਤੀ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਵੀ। ਕਾਂਗਰਸਮੈਨ, ਜੋ ਅਮਰੀਕਨ ਸਿੱਖ ਕਾਂਗਰਸੇਸ਼ਨ ਕਾਕਸ ਦੇ ਮੈਂਬਰ ਵੀ ਹਨ, ਨੇ ਅੰਬੈਸਡਰ ਸੰਧੂ ਨੂੰ ਕਿਹਾ ਕਿ ਇਨ੍ਹਾਂ ਵਿਚੋਂ ਕਈ ਕਿਸਾਨਾਂ ਦੇ ਬੱਚੇ, ਰਿਸ਼ਤੇਦਾਰ ਅਤੇ ਦੋਸਤ, ਜੋ ਅਮਰੀਕੀ ਨਾਗਰਿਕ ਹਨ, ਜੋ ਕਿ ਇਨ੍ਹਾਂ ਘਟਨਾਵਾਂ ਬਾਰੇ ਆਪਣੀਆਂ ਚਿੰਤਾਵਾਂ ਨੂੰ ਸਾਂਝਾ ਕਰਨ ਲਈ ਉਨ੍ਹਾਂ ਕੋਲ ਪਹੁੰਚੇ ਹਨ।

ਅਮਰੀਕੀ ਸਿੱਖ ਕਾਂਗਰਸ ਕਾਕਸ ਕਮੇਟੀ ਦੇ ਹਰਪ੍ਰੀਤ ਸਿੰਘ ਸੰਧੂ ਨੇ ਕਾਂਗਰਸਮੈਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੀਆਂ ਜ਼ਮੀਨਾਂ ਬਚਾਉਣ ਲਈ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣਨ ਲਈ ਉਹ ਅਮਰੀਕੀ ਕਾਂਗਰਸਮੈਨਾਂ ਦੇ ਕਰਜ਼ਦਾਰ ਹਨ। ਇਹ ਜੋ ਨਵੇਂ ਪੇਸ਼ ਕੀਤੇ ਤਿੰਨ ਖੇਤੀ ਕਾਨੂੰਨ ਨਾਲ ਕਾਰਪੋਰੇਟ ਘਰਾਣੇ ਹੋਰ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਣਗੇ। ਅਮਰੀਕਾ ਦੀ ਇਕ ਹੋਰ ਪ੍ਰਮੁੱਖ ਸਿੱਖ ਸੰਸਥਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਵੀ ਕਾਂਗਰਸਮੈਨਾਂ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ‘ਤੇ ਭਾਰਤ ਸਰਕਾਰ ਵੱਲੋਂ ਲਾਈਆਂ ਰੋਕਾਂ ਦੀ ਅਮਰੀਕੀ ਸੰਸਦ ‘ਚ ਮਾਮਲਾ ਚੁੱਕਣ ਲਈ ਬੇਨਤੀ ਕੀਤੀ।

ਅਮਰੀਕੀ ਕਾਂਗਰਸਮੈਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਈ ਭਾਰਤੀਆਂ, ਨਾ ਸਿਰਫ ਕਿਸਾਨਾਂ, ਬਲਕਿ ਧਾਰਮਿਕ ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਅਧਿਕਾਰਾਂ ਨੂੰ ਘੱਟ ਕਰਨ ਤੋਂ ਦੁਖੀ ਹਾਂ। ਕਾਂਗਰਸਮੈਨਾਂ ਨੇ ਸਖ਼ਤ ਸ਼ਬਦਾਂ ‘ਚ ਭਾਰਤੀ ਰਾਜਦੂਤ ਨੂੰ ਜਾਣੂ ਕਰਾਇਆ ਕਿ ਉਹ ਬੇਨਤੀ ਕਰਦੇ ਹਨ ਕਿ ਭਾਰਤ ਉਨ੍ਹਾਂ ਕਿਸਾਨਾਂ ਦੇ ਨਾਲ ਲੋਕਤੰਤਰੀ ਕੀਮਤਾਂ ਦਾ ਇਕ ਮਾਡਲ ਪੇਸ਼ ਕਰੇ, ਜੋ ਆਪਣੇ ਅਧਿਕਾਰਾਂ ਲਈ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਰਹੇ ਹਨ।

ਨੋਟ-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕਾਕਸ ਨੇ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।
 


Vandana

Content Editor

Related News