ਅਮਰੀਕੀ ਸਾਂਸਦ ਨੇ ਕੋਰੋਨਾ ਨਾਲ ਨਜਿੱਠਣ ਲਈ ਪੀ.ਐੱਮ. ਮੋਦੀ ਦੀਆਂ ਕੋਸ਼ਿਸ਼ਾਂ ਦੀ ਕੀਤੀ ਪ੍ਰਸ਼ੰਸਾ
Wednesday, May 19, 2021 - 10:17 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਇਕ ਸਾਂਸਦ ਨੇ ਕੋਵਿਡ-19 ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ ਭਰੋਸਾ ਜਤਾਇਆ ਕਿ ਭਾਰਤੀ ਇਸ ਚੁਣੌਤੀ ਤੋਂ ਜਿੱਤ ਜਾਣਗੇ। ਸਾਂਸਦ ਜੋਅ ਵਿਲਸਨ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਾਲੇ ਇਕ ਵਿਸ਼ੇਸ਼ ਹਿੱਸੇਦਾਰੀ ਹੈ। ਉਹਨਾਂ ਨੇ ਕਿਹਾ ਕਿ ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਲੋੜੀਂਦੇ ਉਪਕਰਨਾਂ ਦੀ ਭਾਰਤ ਨੂੰ ਸਪਲਾਈ ਕਰਨ ਦੀਆਂ ਕਾਂਗਰਸ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰ ਕੇ ਉਹ ਧੰਨਵਾਦੀ ਮਹਿਸੂਸ ਕਰ ਰਹੇ ਹਨ।
ਵਿਲਸਨ ਨੇ ਕਿਹਾ,''ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਭਾਰਤ ਦੇ ਲੋਕਾਂ ਨਾਲ ਸਾਡੀ ਹਮਦਰਦੀ ਹੈ। ਇਸ ਮੁਸ਼ਕਲ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦੀ ਮੈਂ ਤਾਰੀਫ਼ ਕਰਦਾ ਹਾਂ।'' ਉਹਨਾਂ ਨੇ ਕਿਹਾ,''ਭਾਰਤ ਦੇ ਇਕ ਦੋਸਤ ਦੇ ਤੌਰ 'ਤੇ ਅਤੇ 'ਹਾਊਸ ਕੌਕਸ ਆਨ ਇੰਡੀਆ ਐਂਡ ਇੰਡੀਅਨ ਅਮੇਰਿਕਨਜ਼' ਦੇ ਇਕ ਮੈਂਬਰ ਦੇ ਨਾਤੇ ਇਸ ਸਮੇਂ ਭਾਰਤ ਦੇ ਲੋਕਾਂ ਨਾਲ ਮੇਰੀ ਹਮਦਰਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਇਸ ਚੁਣੌਤੀ ਨੂੰ ਪਾਰ ਕਰ ਲੈਣਗੇ।'' ਸਾਂਸਦ ਨੇ ਇਕ ਬਿਆਨ ਵਿਚ ਕਿਹਾ ਕਿ ਅਜਿਹੇ ਸਮੇਂ ਜਦੋਂ ਭਾਰਤ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਤਾਂ ਇਸ ਸਮੇਂ ਮਦਦ ਕਰਨ ਵਾਲਿਆਂ ਨੂੰ ਪਛਾਨਣਾ ਜ਼ਰੂਰੀ ਹੈ।
ਪੜ੍ਹੋ ਇਹ ਅਹਿਮ ਖਬਰ - ਇਜ਼ਰਾਈਲ ਨੇ ਗਾਜ਼ਾ 'ਚ ਮਚਾਈ ਤਬਾਹੀ, 213 ਲੋਕਾਂ ਦੀ ਮੌਤ ਤੇ ਕੋਵਿਡ ਲੈਬ ਤਬਾਹ
ਉਹਨਾਂ ਨੇ ਕਿਹਾ,''ਮੈਂ ਇੰਡੀਅਨ-ਅਮੇਰਿਕਨ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ' ਦਾ ਧੰਨਵਾਦੀ ਹਾਂ ਜਿਸ ਦੀ ਅਗਵਾਈ ਸੀ.ਈ.ਓ. ਅਤੇ ਪ੍ਰਧਾਨ ਕੇਵੀ ਕੁਮਾਰ ਕਰਦੇ ਹਨ। ਭਾਰਤ ਵਿਚ ਜਾਰੀ ਸੰਕਟ ਦੇ ਮੱਦੇਨਜ਼ਰ ਆਈ.ਏ.ਆਈ.ਸੀ.ਸੀ. ਨੇ ਡਾਕਟਰ ਨਰਸਿਮਹੁਲੁ ਨੀਲਗਰੂ, ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਕੌਂਸਲੇਟ ਜਨਰਲ ਡਾਕਟਰ ਸਵਾਤੀ ਕੁਲਕਰਨੀ ਅਤੇ ਅਮਿਤ ਕੁਮਾਰ ਦੇ ਨਾਲ ਮਿਲ ਕੇ ਗਲੋਬਲ ਮਹਾਮਾਰੀ ਨਾਲ ਨਜਿੱਠਣ ਵਿਚ ਭਾਰਤ ਦੀ ਮਦਦ ਲਈ ਇਕ ਵਿਸ਼ੇਸ਼ ਕਾਰਜਬਲ ਦੀ ਸਥਾਪਨਾ ਕੀਤੀ ਹੈ।'' ਬਿਲਸਨ ਨੇ ਦੱਸਿਆ ਕਿ ਇਸ ਦੀਆਂ ਸਫਲ ਕੋਸ਼ਿਸ਼ਾਂ ਨਾਲ ਭਾਰਤੀ ਪਰਿਵਾਰਾਂ ਲਈ ਮੈਡੀਕਲ ਉਪਕਰਨਾਂ ਅਤੇ ਹੋਰ ਸਪਲਾਈ ਲਈ 20 ਲੱਖ ਅਮਰੀਕੀ ਡਾਲਰ ਤੋਂ ਵੱਧ ਰਾਸ਼ੀ ਇਕੱਠੀ ਕੀਤੀ ਗਈ ਹੈ।
ਨੋਟ- ਅਮਰੀਕੀ ਸਾਂਸਦ ਨੇ ਕੋਰੋਨਾ ਨਾਲ ਨਜਿੱਠਣ ਲਈ ਪੀ.ਐੱਮ. ਮੋਦੀ ਦੀਆਂ ਕੋਸ਼ਿਸ਼ਾਂ ਦੀ ਕੀਤੀ ਪ੍ਰਸ਼ੰਸਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।