ਅਮਰੀਕਾ ਨੇ ਕਤਰ ਨੂੰ 1 ਅਰਬ ਡਾਲਰ ਦੇ ਹਥਿਆਰਾਂ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ
Wednesday, Nov 30, 2022 - 04:29 PM (IST)

ਵਾਸ਼ਿੰਗਟਨ (ਭਾਸ਼ਾ)- ਬਾਈਡੇਨ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਦੋਹਾ ਵਿਚ ਈਰਾਨ ਅਤੇ ਅਮਰੀਕਾ ਵਿਚਾਲੇ ਫੁੱਟਬਾਲ ਵਿਸ਼ਵ ਕੱਪ ਦੇ ਇਕ ਅਹਿਮ ਮੁਕਾਬਲੇ ਦੇ ਅੱਧੇ ਸਮੇਂ ਦੌਰਾਨ ਕਤਰ ਨੂੰ 1 ਅਰਬ ਡਾਲਰ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ। ਅਮਰੀਕਾ-ਇਰਾਨ ਵਿਚਾਲੇ ਦੂਜੇ ਪੜਾਅ ਦਾ ਮੁਕਾਲਬਾ ਸ਼ੁਰੂ ਹੁੰਦੇ ਹੀ ਅਮਰੀਕੀ ਵਿਦੇਸ਼ ਵਿਭਾਗ ਨੇ ਘੋਸ਼ਣਾ ਕੀਤੀ ਕਿ ਉਸਨੇ ਕਤਰ ਨੂੰ 10 ਰੱਖਿਆਤਮਕ ਡਰੋਨ ਪ੍ਰਣਾਲੀਆਂ, 200 ਇੰਟਰਸੈਪਟਰ ਅਤੇ ਹੋਰ ਫੌਜੀ ਉਪਕਰਣਾਂ ਦੀ ਵਿਕਰੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕਤਰ ਸਮੇਤ ਹੋਰ ਖਾੜੀ ਦੇਸ਼ ਖੇਤਰ ਵਿਚ ਈਰਾਨ ਸਮਰਥਿਤ ਸ਼ਰਾਰਤੀ ਅਨਸਰਾਂ ਦੇ ਖ਼ਤਰੇ ਦਾ ਸਾਹਮਣਾ ਕਰਦੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਵਿਕਰੀ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਕਰਨ ਵਿੱਚ ਇੱਕ ਮਿੱਤਰ ਦੇਸ਼ ਦੀ ਮਦਦ ਕਰਕੇ ਅਮਰੀਕੀ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਦਾ ਸਮਰਥਨ ਕਰੇਗੀ, ਜੋ ਮੱਧ ਪੂਰਬ ਵਿੱਚ ਰਾਜਨੀਤਿਕ ਸਥਿਰਤਾ ਅਤੇ ਆਰਥਿਕ ਤਰੱਕੀ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਸ਼ਕਤੀ ਬਣਿਆ ਹੋਇਆ ਹੈ।