ਰੂਸ-ਯੂਕ੍ਰੇਨ ਜੰਗ: ਅਮਰੀਕਾ ਤੇ ਇੰਗਲੈਂਡ ਨੇ ਰੂਸੀ ਸੈਂਟਰਲ ਬੈਂਕ ਨਾਲ ਸਾਰੇ ਲੈਣ-ਦੇਣ ’ਤੇ ਲਾਈ ਪਾਬੰਦੀ
Tuesday, Mar 01, 2022 - 10:13 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਵਿੱਤ ਵਿਭਾਗ, ਬੈਂਕ ਆਫ ਇੰਗਲੈਂਡ ਦੇ ਨਾਲ-ਨਾਲ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਰੂਸ ਦੇ ਕੇਂਦਰੀ ਬੈਂਕ ਅਤੇ ਸਰਕਾਰੀ ਨਿਵੇਸ਼ ਫੰਡ ’ਤੇ ਨਵੀਆਂ ਪਾਬੰਦੀਆਂ ਲਾਈਆਂ। ਅਮਰੀਕਾ ਅਤੇ ਇੰਗਲੈਂਡ ਨੇ ਰੂਸ ਦੇ ਕੇਂਦਰੀ ਬੈਂਕ ਨਾਲ ਸਾਰੇ ਲੈਣ-ਦੇਣ ’ਤੇ ਪਾਬੰਦੀ ਲਾ ਦਿੱਤੀ ਹੈ। ਦੱਸ ਦੇਈਏ ਕਿ ਰੂਸ ਵਲੋਂ ਯੂਕ੍ਰੇਨ ’ਚ ਜੰਗ ਕਾਰਨ ਯੂਕ੍ਰੇਨ ’ਚ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਇਸ ਲਈ ਅਮਰੀਕਾ ਅਤੇ ਇੰਗਲੈਂਡ ਨੇ ਰੂਸ ਨਾਲ ਵਿੱਤੀ ਲੈਣ-ਦੇਣ ’ਤੇ ਪਾਬੰਦੀ ਲਾ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਸ-ਯੂਕ੍ਰੇਨ ਜੰਗ ਦਰਮਿਆਨ ਯੂਕ੍ਰੇਨ ਦੇ ਗੁਆਂਢੀ ਦੇਸ਼ ਜਾਣਗੇ ਹਰਦੀਪ ਪੁਰੀ ਸਮੇਤ 4 ਮੰਤਰੀ
ਰੂਸ ਨੇ ਵਿਦੇਸ਼ੀ ਗਾਹਕਾਂ ਦੀ ਸਕਿਓਰਿਟੀਜ਼ ਵੇਚਣ ’ਤੇ ਲਾਈ ਰੋਕ
ਸੈਂਟਰਲ ਬੈਂਕ ਆਫ ਦਿ ਰਸ਼ੀਅਨ ਫੈੱਡਰੇਸ਼ਨ (ਬੈਂਕ ਆਫ ਰੂਸ) ਨੇ ਕਿਹਾ ਕਿ ਵਿਦੇਸ਼ੀ ਗਾਹਕਾਂ ਦੇ ਬਦਲੇ ਸਕਿਓਰਿਟੀਜ਼ ਵੇਚਣ ਵਾਲੇ ਬ੍ਰੋਕਰਸ ’ਤੇ ਸੋਮਵਾਰ ਤੋਂ ਅਸਥਾਈ ਰੂਪ ’ਚ ਰੋਕ ਲਾ ਦਿੱਤੀ ਗਈ ਹੈ। ਸੈਂਟਰਲ ਬੈਂਕ ਨੇ ਜਾਰੀ ਬਿਆਨ ’ਚ ਕਿਹਾ, ‘‘ਬੈਂਕ ਆਫ ਰੂਸ 28 ਫਰਵਰੀ ਤੋਂ ਦੇਸ਼ ’ਚ ਨਾ ਰਹਿਣ ਵਾਲੇ ਗਾਹਕਾਂ ਦੀ ਸਕਿਓਰਿਟੀਜ਼ ਦੀ ਵਿਕਰੀ ’ਤੇ ਅਸਥਾਈ ਰੋਕ ਲਾ ਰਿਹਾ ਹੈ।’’ ਨਾਲ ਹੀ ਕਿਹਾ ਗਿਆ ਕਿ ਰੂਸੀ ਬੈਂਕਾਂ ਨੂੰ ਕਰਜ਼ੇ ਦਾ ਮੁੜ ਗਠਨ ਕਰਨ ਅਤੇ ਜੇਕਰ ਕਰਜ਼ਾਧਾਰਕ ਦੀ ਸਥਿਤੀ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੀ ਵਜ੍ਹਾ ਨਾਲ ਖ਼ਰਾਬ ਹੁੰਦੀ ਹੈ ਤਾਂ ਗਾਹਕਾਂ ਵੱਲੋਂ ਲਏ ਗਏ ਕਰਜ਼ੇ ’ਤੇ ਜ਼ੁਰਮਾਨਾ ਨਾ ਲਾਉਣ ਦੀ ਸਿਫਾਰਿਸ਼ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਭਾਰਤੀਆਂ ਲਈ ਵੱਡੀ ਰਾਹਤ; ਭਾਰਤ ਸਰਕਾਰ ਨੇ ਕੌਮਾਂਤਰੀ ਯਾਤਰਾ ਐਡਵਾਇਜ਼ਰੀ ’ਚ ਕੀਤੀ ਸੋਧ
ਫ਼ਰਾਂਸ ਅਤੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਲਈ ਕਿਹਾ
ਪੈਰਿਸ/ਵਾਸ਼ਿੰਗਟਨ : ਰੂਸ ਲਈ ਯੂਰਪੀਨ ਯੂਨੀਅਨ ਦਾ ਹਵਾਈ ਖੇਤਰ ਬੰਦ ਹੋਣ ਤੋਂ ਬਾਅਦ ਫ਼ਰਾਂਸ ਅਤੇ ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ ਹੈ। ਦੋਵਾਂ ਦੇਸ਼ਾਂ ਨੇ ਇਕ ਬਿਆਨ ਵਿਚ ਕਿਹਾ, ‘‘ਰੂਸ ਅਤੇ ਯੂਰਪ ਦਰਮਿਆਨ ਹਵਾਈ ਮਾਰਗਾਂ ’ਤੇ ਵਧਦੀਆਂ ਪਾਬੰਦੀਆਂ ਦੇ ਕਾਰਨ ਤੁਹਾਨੂੰ (ਫਰਾਂਸੀਸੀ ਅਤੇ ਅਮਰੀਕੀ ਨਾਗਰਿਕਾਂ ਨੂੰ) ਸਲਾਹ ਦਿੱਤੀ ਜਾਂਦੀ ਹੈ ਕਿ ਰੂਸ ’ਚ ਵਰਤਮਾਨ ’ਚ ਮੌਜੂਦ ਜਹਾਜ਼ ਸੇਵਾ ਰਾਹੀਂ ਬਿਨਾਂ ਦੇਰੀ ਕੀਤੇ ਦੇਸ਼ ਛੱਡਣ ਦੀ ਵਿਵਸਥਾ ਕਰੋ।’’
ਇਹ ਵੀ ਪੜ੍ਹੋ: ਰੂਸੀ ਹਮਲੇ ’ਚ ਲਹੂ-ਲੁਹਾਨ ਬੱਚੀ ਦੀ ਹਾਲਤ ਦੇਖ ਰੋ ਪਿਆ ਡਾਕਟਰ, ਬੋਲਿਆ-ਇਹ ਪੁਤਿਨ ਨੂੰ ਦਿਖਾਉਣਾ
ਮੰਤਰਾਲਾ ਅਨੁਸਾਰ ਯੂਰਪੀਨ ਯੂਨੀਅਨ ਵੱਲੋਂ ਰੂਸ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਏਅਰ ਫ਼ਰਾਂਸ ਸਮੇਤ ਵੱਖ-ਵੱਖ ਯੂਰਪੀਨ ਕੰਪਨੀਆਂ ਨੇ ਰੂਸ ’ਚ ਉਡਾਣਾਂ ਨੂੰ ਬੰਦ ਕਰ ਦਿੱਤਾ ਹੈ। ਉੱਥੇ ਹੀ, ਮੰਤਰਾਲਾ ਨੇ ਇਕ ਹੋਰ ਨੋਟਿਸ ’ਚ ਆਪਣੇ ਨਾਗਰਿਕਾਂ ਨੂੰ ਤੁਰੰਤ ਬੇਲਾਰੂਸ ਛੱਡਣ ਲਈ ਵੀ ਕਿਹਾ ਹੈ। ਓਧਰ ਯੂਕ੍ਰੇਨ ’ਚ ਅਮਰੀਕੀ ਦੂਤਘਰ ਨੇ ਯੂਕ੍ਰੇਨ ’ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਹੰਗਰੀ, ਰੋਮਾਨੀਆ ਅਤੇ ਸਲੋਵਾਕੀਆ ਦੇ ਰਸਤੇ ਛੇਤੀ ਤੋਂ ਛੇਤੀ ਸਰਹੱਦ ਪਾਰ ਕਰਨ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। ਅਮਰੀਕਾ ਨੇ ਨਾਲ ਹੀ ਬੇਲਾਰੂਸ ਸਥਿਤ ਆਪਣਾ ਦੂਤਘਰ ਬੰਦ ਕਰ ਦਿੱਤਾ ਹੈ ਅਤੇ ਆਪਣੇ ਡਿਪਲੋਮੈਟਾਂ ਅਤੇ ਹੋਰ ਗੈਰ-ਐਮਰਜੈਂਸੀ ਸਟਾਫ ਨੂੰ ਰੂਸ ਛੱਡਣ ਦੇ ਨਿਰਦੇਸ਼ ਦਿੱਤੇ ਹਨ।