ਅਮਰੀਕਾ ਨੇ ਭਾਰਤ ਨੂੰ 8 ਕਰੋੜ 20 ਲੱਖ ਡਾਲਰ ਦੇ JCTS ਵਿਕਰੀ ਦੀ ਦਿੱਤੀ ਇਜਾਜ਼ਤ
Tuesday, Aug 03, 2021 - 05:20 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ 'ਹਾਰਪੂਨ ਜੁਆਇੰਟ ਕੌਮਨ ਟੈਸਟ ਸੈੱਟ' (JCTS) ਅਤੇ ਉਸ ਨਾਲ ਜੁੜੇ ਉਪਕਰਨਾਂ ਨੂੰ 8 ਕਰੋੜ 20 ਲੱਖ ਡਾਲਰ ਦੀ ਅਨੁਮਾਨਿਤ ਕੀਮਤ 'ਤੇ ਭਾਰਤ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ।ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਭਾਰਤ ਅਤੇ ਅਮਰੀਕਾ ਦੇ ਦੋ-ਪੱਖੀ ਰਣਨੀਤਕ ਸੰਬੰਧ ਮਜ਼ਬੂਤ ਹੋਣਗੇ ਅਤੇ ਇਸ ਨਾਲ ਹਿੰਦ ਪ੍ਰਸ਼ਾਂਤ ਖੇਤਰ ਵਿਚ ਵੱਡੇ ਰੱਖਿਆ ਹਿੱਸੇਦਾਰ ਦੀ ਸੁਰੱਖਿਆ ਵਧੇਗੀ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਪੇਂਟਾਗਨ ਦੀ ਡਿਫੈਂਸ ਸਿਕਓਰਿਟੀ ਕਾਰਪੋਰੇਸ਼ਨ ਏਜੰਸੀ ਨੇ ਸੋਮਵਾਰ ਨੂੰ ਇਸ ਸੰਬੰਧ ਵਿਚ ਅਮਰੀਕੀ ਸੰਸਦ ਨੂੰ ਸੂਚਿਤ ਕਰਦਿਆਂ ਲੋੜੀਂਦਾ ਸਰਟੀਫਿਕੇਟ ਦਿੱਤਾ। ਹਾਰਪੂਨ ਇਕ ਐਂਟੀ-ਸ਼ਿਪ ਮਿਜ਼ਾਈਲ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਇਕ ਜੇਸੀਟੀਐੱਸ ਨੂੰ ਖਰੀਦਣ ਦੀ ਅਪੀਲ ਕੀਤੀ ਸੀ। ਇਸ ਵਿਚ ਇਕ 'ਹਾਰਪੂਨ ਇੰਟਰਮੀਡੀਏਟ ਲੈਵਲ', ਰੱਖ -ਰਖਾਅ ਸਟੇਸ਼ਨ, ਪੁਰਜ਼ੇ ਅਤੇ ਮੁਰੰਮਤ, ਪਰੀਖਣ ਸੰਬੰਧੀ ਉਪਕਰਨ, ਪ੍ਰਕਾਸ਼ਨ ਅਤੇ ਤਕਨੀਕੀ ਦਸਤਾਵੇਜ਼ੀਕਰਨ, ਕਰਮੀਆਂ ਦੀ ਸਿਖਲਾਈ, ਅਮਰੀਕੀ ਸਰਕਾਰ ਅਤੇ ਠੇਕੇਦਾਰ ਵੱਲੋਂ ਤਕਨੀਕੀ ਇੰਜੀਨੀਅਰਿੰਗ ਅਤੇ ਰਸਦ ਸਹਾਇਤਾ ਸੇਵਾਵਾਂ ਸਾਜੋ-ਸਾਮਾਨ ਅਤੇ ਪ੍ਰੋਗਰਾਮ ਸੰਬੰਧੀ ਸਮਰਥਨ ਨਾਲ ਜੁੜੇ ਹੋਰ ਤੱਤ ਸ਼ਾਮਲ ਹਨ। ਇਸ ਦੀ ਅਨੁਮਾਨਿਤ ਲਾਗਤ 8 ਕਰੋੜ 20 ਲੱਖ ਡਾਲਰ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ 3 ਸਤੰਬਰ ਤੱਕ 24 ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੇ ਦਿੱਤੇ ਆਦੇਸ਼
ਡੀਐੱਸਸੀਏ ਨੇ ਬਿਆਨ ਵਿਚ ਕਿਹਾ ਕਿ ਇਸ ਪ੍ਰਸਤਾਵਿਤ ਵਿਕਰੀ ਨਾਲ ਭਾਰਤੀ-ਅਮਰੀਕੀ ਰਣਨੀਤਕ ਸੰਬੰਧਾਂ ਵਿਚ ਸੁਧਾਰ ਕਰ ਕੇ ਇਕ ਵੱਡੇ ਰੱਖਿਆ ਹਿੱਸੇਦਾਰ ਦੀ ਸੁਰੱਖਿਆ ਵਧਾਉਣ ਵਿਚ ਮਦਦ ਕਰ ਕੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਬਲ ਮਿਲੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਹਿੰਦ-ਪ੍ਰਸ਼ਾਂਤ ਅਤੇ ਦੱਖਣੀ ਏਸ਼ੀਆ ਖੇਤਰ ਵਿਚ ਰਾਜਨੀਤਕ ਸਥਿਰਤਾ ਸ਼ਾਂਤੀ ਅਤੇ ਆਰਥਿਕ ਵਿਕਾਸ ਲਈ ਅਹਿਮ ਤਾਕਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੂਨ 2016 ਵਿਚ ਅਮਰੀਕਾ ਦੀ ਯਾਤਰਾ ਦੌਰਾਨ ਅਮਰੀਕਾ ਨੇ ਭਾਰਤ ਨੂੰ ਵੱਡੇ ਰੱਖਿਆ ਹਿੱਸੇਦਾਰ ਦੇ ਤੌਰ 'ਤੇ ਮਾਨਤਾ ਦਿੱਤੀ ਸੀ। ਅਮਰੀਕਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਸਤਾਵਿਤ ਵਿਦੇਸ਼ੀ ਮਿਲਟਰੀ ਵਿਕਰੀ ਨਾਲ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਨਾਲ ਨਜਿੱਠਣ ਦੀ ਭਾਰਤ ਦੀ ਸਮਰੱਥਾ ਵਧੇਗੀ। ਇਸ ਵਿਕਰੀ ਜ਼ਰੀਏ ਹਾਰਪੂਨ ਮਿਜ਼ਾਈਲ ਦੇ ਸੰਭਾਲਣ ਦੀ ਸਮਰੱਥਾ ਵਿਚ ਲਚੀਲਾਪਨ ਅਤੇ ਕੁਸ਼ਲਤਾ ਆਵੇਗੀ ਅਤੇ ਮਿਲਟਰੀ ਬਲਾਂ ਦੀ ਵੱਧ ਤੋਂ ਵੱਧ ਕੁਸ਼ਲਤਾ ਯਕੀਨੀ ਹੋਵੇਗੀ।
ਪੇਂਟਾਗਨ ਨੇ ਕਿਹਾ ਕਿ ਭਾਰਤ ਨੂੰ ਇਸ ਉਪਕਰਨ ਨੂੰ ਆਪਣੇ ਮਿਲਟਰੀ ਬਲਾਂ ਵਿਚ ਸ਼ਾਮਲ ਕਰਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਵੇਗੀ ਅਤੇ ਇਸ ਉਪਕਰਨ ਦੀ ਪ੍ਰਸਤਾਵਿਤ ਵਿਕਰੀ ਅਤੇ ਸਹਿਯੋਗ ਨਾਲ ਖੇਤਰ ਵਿਚ ਬੁਨਿਆਦੀ ਸੰਤੁਲਨ ਵਿਚ ਤਬਦੀਲੀ ਨਹੀਂ ਆਵੇਗੀ। ਹਾਰਪੂਨ ਮਿਜ਼ਾਈਲ ਦੁਨੀਆ ਦੀ ਸਭ ਤੋਂ ਸਫਲ ਐਂਟੀ-ਸ਼ਿਪ ਮਿਜ਼ਾਈਲ ਹੈ ਅਤੇ 30 ਤੋਂ ਵੱਧ ਦੇਸ਼ਾਂ ਦੇ ਹਥਿਆਰਬੰਦ ਬਲਾਂ ਵਿਚ ਸੇਵਾ ਦੇ ਰਹੀ ਹੈ।