US: ਵੀਜ਼ਾ ਘਪਲੇ 'ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Thursday, Feb 14, 2019 - 11:33 AM (IST)

US: ਵੀਜ਼ਾ ਘਪਲੇ 'ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਬੀਤੇ ਦਿਨੀਂ ਵੀਜ਼ਾ ਧੋਖਾਧੜੀ ਮਾਮਲੇ ਵਿਚ ਗ੍ਰਿਫਤਾਰ ਹੋਏ 19 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਾਪਸ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਇਕ ਸਥਾਨਕ ਅਦਾਲਤ ਵੱਲੋਂ ਉਨ੍ਹਾਂ ਦੇ ਦੇਸ਼ ਪਰਤਣ ਦੀ ਮਨਜ਼ੂਰੀ ਦਿੱਤੀ ਗਈ ਹੈ। ਬੀਤੇ ਦਿਨੀਂ ਅਮਰੀਕੀ ਸੂਬੇ ਮਿਸ਼ੀਗਨ ਦੀ ਪੁਲਸ ਵੱਲੋਂ ਇਕ ਫਰਜ਼ੀ ਯੂਨੀਵਰਸਿਟੀ ਜਿਸ ਦਾ ਨਾਮ ਫਾਰਮਿੰਗਟਨ ਯੂਨੀਵਰਸਿਟੀ ਸੀ, ਉਸ ਦੇ ਜ਼ਰੀਏ ਵੀਜ਼ਾ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਸੀ। ਪੁਲਸ ਨੇ ਇਸ ਯੂਨੀਵਰਸਿਟੀ ਵਿਚ ਦਾਖਲੇ ਦੇ ਨਾਮ 'ਤੇ ਚੱਲ ਰਹੇ 'pay to stay' ਵੀਜ਼ਾ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਜਿਹੜੇ ਵਿਦਿਆਰਥੀਆਂ ਨੂੰ ਦੇਸ਼ ਪਰਤਣ ਦੀ ਮਨਜ਼ੂਰੀ ਮਿਲੀ ਹੈ ਉਹ ਤੇਲਗੁ ਹਨ ਅਤੇ ਬੀਤੇ ਸ਼ਨੀਵਾਰ ਅਤੇ ਮੰਗਲਵਾਰ ਨੂੰ ਅਦਾਲਤ ਨੇ ਇਨ੍ਹਾਂ ਨੂੰ ਦੇਸ਼ ਪਰਤਣ ਦੀ ਇਜਾਜ਼ਤ ਦਿੱਤੀ ਹੈ।

ਨਜ਼ਰਬੰਦੀ ਕੇਂਦਰ 'ਚ ਰੱਖੇ ਗਏ ਹਨ ਵਿਦਿਆਰਥੀ
20 ਵਿਦਿਆਰਥੀਆਂ ਨੂੰ ਦੋ ਨਜ਼ਰਬੰਦੀ ਕੇਂਦਰਾਂ ਵਿਚ ਰੱਖਿਆ ਗਿਆ ਹੈ। 12 ਕਾਲਾਹਨ ਕਾਊਂਟੀ ਦੇ ਨਜ਼ਰਬੰਦੀ ਕੇਂਦਰ ਵਿਚ ਹਨ ਅਤੇ 8 ਮਿਸ਼ੀਗਨ ਮੁਨਰੋ ਦੇ ਨਜ਼ਰਬੰਦੀ ਕੇਂਦਰ ਵਿਚ ਹਨ। ਇਹ ਵਿਦਿਆਰਥੀ 31 ਜਨਵਰੀ ਤੋਂ ਇੱਥੇ ਹਨ ਅਤੇ 20 ਵਿਚੋਂ ਤਿੰਨ ਤੇਲਗੁ ਅਤੇ ਇਕ ਫਿਲਸਤੀਨੀ ਵਿਦਿਆਰਥੀ ਨੂੰ ਦੇਸ਼ ਪਰਤਣ ਦੀ ਮਨਜ਼ੂਰੀ ਮਿਲੀ। ਬਾਕੀ 17 ਵਿਦਿਆਰਥੀਆਂ ਨੂੰ ਮੰਗਲਵਾਰ ਨੂੰ ਮਿਸ਼ੀਗਨ ਅਦਾਲਤ ਵੱਲੋਂ ਪਰਤਣ ਦੀ ਮਨਜ਼ੂਰੀ ਮਿਲੀ।

ਅਮਰੀਕੀ-ਤੇਲਗਾਂਨਾ ਐਸੋਸੀਏਸ਼ਨ (ਏ.ਟੀ.ਏ.-ਤੇਲਗਾਂਨਾ) ਦੇ ਪ੍ਰਤੀਨਿਧੀ ਵੈਂਕਟ ਮਨਥੇਨਾ ਨੇ ਦੱਸਿਆ ਕਿ ਇਕ ਤੇਲਗੁ ਵਿਦਿਆਰਥੀ ਦਾ ਅਮਰੀਕੀ ਨਾਗਰਿਕ ਨਾਲ ਵਿਆਹ ਹੋਇਆ ਹੈ। ਇਹ ਵਿਦਿਆਰਥੀ ਇੱਥੇ ਰੁੱਕ ਕੇ ਆਪਣਾ ਕੇਸ ਖੁਦ ਲੜਨਾ ਚਾਹੁੰਦਾ ਸੀ ਜਦਕਿ ਬਾਕੀ ਵਿਦਿਆਰਥੀਆਂ ਨੂੰ ਅਮਰੀਕਾ ਛੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਵਿਦਿਆਰਥੀਆਂ ਨੂੰ 'ਯੂ.ਐੱਸ. ਗਵਰਮੈਂਟ ਰਿਮੂਵਨ' ਆਰਡਰ ਦੇ ਤਹਿਤ ਭਾਰਤ ਜਾਣ ਦੀ ਇਜਾਜ਼ਤ ਮਿਲੀ ਹੈ। ਉੱਥੇ ਬਾਕੀ ਵਿਦਿਆਰਥੀਆਂ ਨੂੰ ਆਪਣੀ ਇੱਛਾ ਨਾਲ ਦੇਸ਼ ਛੱਡਣ ਲਈ ਕਿਹਾ ਗਿਆ ਹੈ।

26 ਫਰਵਰੀ ਤੱਕ ਛੱਡਣਾ ਹੋਵੇਗਾ ਅਮਰੀਕਾ
ਕਰੀਬ 100 ਹੋਰ ਤੇਲਗੁ ਵਿਦਿਆਰਥੀ ਹਨ ਜਿਨ੍ਹਾਂ ਨੂੰ 30 ਨਜ਼ਰਬੰਦੀ ਕੇਂਦਰਾਂ ਵਿਚ ਰੱਖਿਆ ਗਿਆ ਹੈ। ਅਤੇ ਇਹ ਸਾਰੇ ਅਦਾਲਤ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਹਨ। ਏ.ਪੀ. ਨੌਨ ਰੈਜੀਡੈਂਟ ਤੇਲਗੂਜ਼ (ਏ.ਪੀ.ਐੱਨ.ਆਰ.ਟੀ.) ਸੋਸਾਇਟੀ ਕੋਆਰਡੀਨੇਟਰ ਸਾਗਰ ਡੋਡਾ ਪਾਨੇਨੀ ਨੇ ਕਿਹਾ ਕਿ ਕੁਝ ਵਿਦਿਆਰਥੀ ਬੇਲ ਬਾਂਡ 'ਤੇ ਬਾਹਰ ਆ ਗਏ ਹਨ ਜਦਕਿ ਕੁਝ ਇਸ ਪ੍ਰਕਿਰਿਆ ਵਿਚ ਹਨ। ਜਿਹੜੇ ਵਿਦਿਆਰਥੀਆਂ ਨੂੰ ਵਾਲੈਂਟਰੀ ਡਿਪਾਰਚਰ ਦੀ ਇਜਾਜ਼ਤ ਮਿਲੀ ਹੈ ਉਨ੍ਹਾਂ ਨੂੰ ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮ ਇਨਫੌਰਸਮੈਂਟ (ਆਈ.ਸੀ.ਈ.) ਅਥਾਰਿਟੀਜ਼ ਦੇ ਤਹਿਤ ਨਿਸ਼ਾਨਬੱਧ ਰਸਤਿਆਂ ਜ਼ਰੀਏ ਭਾਰਤ ਆਉਣ ਦਾ ਆਦੇਸ਼ ਦਿੱਤਾ ਗਿਆ ਹੈ। ਆਈ.ਸੀ.ਈ. ਹੀ ਇਨ੍ਹਾਂ ਵਿਦਿਆਰਥੀਆਂ ਨੂੰ ਹਵਾਈ ਅੱਡੇ 'ਤੇ ਭੇਜਣ ਦਾ ਪ੍ਰਬੰਧ ਕਰੇਗਾ। ਇਨ੍ਹਾਂ ਵਿਦਿਆਰਥੀਆਂ ਨੂੰ 26 ਫਰਵਰੀ ਤੱਕ ਦੇਸ਼ ਪਰਤਣ ਲਈ ਕਿਹਾ ਗਿਆ ਹੈ ਪਰ ਉਹ ਜਲਦੀ ਤੋਂ ਜਲਦੀ ਦੇਸ਼ ਵਾਪਸ ਪਰਤਣ ਦੀ ਤਿਆਰੀ ਵਿਚ ਹਨ।


author

Vandana

Content Editor

Related News