ਅਮਰੀਕਾ : ਸੁਪਰੀਮ ਕੋਰਟ ਨੇ ਬਾਈਡੇਨ ਪ੍ਰਸ਼ਾਸਨ ਦੀ ਬੇਦਖਲੀ ਰੋਕ ਨੂੰ ਹਟਾਇਆ

08/27/2021 9:56:06 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਬਾਈਡੇਨ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਗਈ ਬੇਦਖਲੀ ਰੋਕ ਨੂੰ ਰੱਦ ਕਰ ਦਿੱਤਾ ਹੈ। ਇਸ ਰੋਕ ਨੂੰ ਹਾਲ ਹੀ ’ਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਬਿਨਾਂ ਕਾਂਗਰਸ ਦੇ ਸਮਰਥਨ ਦੇ ਵਧਾਇਆ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਮਕਾਨ/ਸੰਪਤੀ ਮਾਲਕਾਂ ਨੂੰ ਉਨ੍ਹਾਂ ਲੱਖਾਂ ਅਮਰੀਕੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ, ਜੋ ਕੋਵਿਡ-19 ਮਹਾਮਾਰੀ ਕਾਰਨ ਕਿਰਾਏ ਦੇਣ ਤੋਂ ਅਸਮਰੱਥ ਹਨ। ਮਹਾਮਾਰੀ ਨਾਲ ਸੰਬੰਧਤ ਬੇਦਖਲੀ ਫ੍ਰੀਜ਼ ਨੂੰ ਖਤਮ ਕਰਨ ਦਾ ਫੈਸਲਾ ਮਕਾਨ ਮਾਲਕਾਂ ਅਤੇ ਰੀਅਲ ਅਸਟੇਟ ਸਮੂਹਾਂ ਵੱਲੋਂ ਇਸ ਨੀਤੀ ਨੂੰ ਕਾਨੂੰਨੀ ਚੁਣੌਤੀ ਦੇਣ ਦੇ ਨਤੀਜੇ ਵਜੋਂ ਆਇਆ ਹੈ।

ਇਨ੍ਹਾਂ ’ਚ ਅਲਾਬਾਮਾ ਅਤੇ ਜਾਰਜੀਆ ਦੇ ਮਕਾਨ ਮਾਲਕ/ਰੀਅਲ ਅਸਟੇਟ ਸਮੂਹ ਆਦਿ ਸ਼ਾਮਲ ਸਨ। 3 ਅਗਸਤ ਨੂੰ ਸੀ. ਡੀ. ਸੀ. ਨੇ ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਮਹਾਮਾਰੀ ਦੇ ਚਲਦਿਆਂ ਕਿਰਾਏਦਾਰਾਂ ਨੂੰ ਕੱਢਣ ’ਤੇ ਲਾਈ ਰੋਕ ਨੂੰ ਵਧਾ ਦਿੱਤਾ ਸੀ, ਜਿਸ ’ਚ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਸ਼ਾਮਲ ਸਨ, ਜਦਕਿ ਇਸ ਸਬੰਧੀ ਸੁਪਰੀਮ ਕੋਰਟ ਅਨੁਸਾਰ ਸੀ. ਡੀ. ਸੀ. ਨੂੰ ਇਸ ਤਰ੍ਹਾਂ ਦੀ ਰੋਕ ਲਗਾਉਣ ਦਾ ਅਧਿਕਾਰ ਨਹੀਂ ਹੈ। ਇਸ ਸਬੰਧੀ ਜਸਟਿਸ ਬ੍ਰੇਟ ਕੈਵਾਨੌਗ, ਜਿਨ੍ਹਾਂ ਨੇ ਰੋਕ ਨੂੰ ਬਰਕਰਾਰ ਰੱਖਣ ਲਈ ਵੋਟ ਦਿੱਤੀ ਸੀ, ਦੇ ਅਨੁਸਾਰ ਇਸ ਰੋਕ ਦੇ ਵਾਧੇ ਲਈ ਸੰਸਦ ਮੈਂਬਰਾਂ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਦੇ ਅਨੁਸਾਰ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਬਾਈਡੇਨ ਪ੍ਰਸ਼ਾਸਨ ਨੂੰ ਨਿਰਾਸ਼ ਕੀਤਾ ਹੈ ਅਤੇ ਇਸ ਫੈਸਲੇ ਦੇ ਨਤੀਜੇ ਵਜੋਂ ਕਈ ਪਰਿਵਾਰਾਂ ਨੂੰ ਮਹਾਮਾਰੀ ਦੌਰਾਨ ਬੇਦਖਲੀ ਦੇ ਦਰਦਨਾਕ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਦੇਸ਼ ਭਰ ਦੇ ਭਾਈਚਾਰਿਆਂ ਦਰਮਿਆਨ ਕੋਵਿਡ-19 ਦੇ ਸੰਪਰਕ ਵਿੱਚ ਆਉਣ ਦਾ ਖਤਰਾ ਵੀ ਵਧ ਜਾਵੇਗਾ।


Manoj

Content Editor

Related News