ਅਫਗਾਨ ਅਮਰੀਕੀ ਸਿੱਖਾਂ ਨੇ ਭਾਰਤ ਸਰਕਾਰ ਨੂੰ ਕੀਤੀ ਇਹ ਅਪੀਲ

Sunday, Apr 19, 2020 - 06:01 PM (IST)

ਅਫਗਾਨ ਅਮਰੀਕੀ ਸਿੱਖਾਂ ਨੇ ਭਾਰਤ ਸਰਕਾਰ ਨੂੰ ਕੀਤੀ ਇਹ ਅਪੀਲ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਹਿਣ ਵਾਲੇ ਅਫਗਾਨ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਨੂੰ ਇਕ ਅਪੀਲ ਕੀਤੀ ਹੈ। ਭਾਈਚਾਰੇ ਨੇ ਅਫਗਾਨਿਸਤਾਨ ਵਿਚ ਰਹਿਣ ਵਾਲੇ ਹਿੰਦੂਆਂ ਤੇ ਸਿੱਖਾਂ ਦੇ ਮੁੜ ਵਸੇਬੇ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਮੁਤਾਬਕ ਦੇਸ਼ ਵਿਚ ਹਿੰਸਾ ਦੀ ਚਪੇਟ ਵਿਚ ਆਏ 650 ਪਰਿਵਾਰਾਂ ਕੋਲ ਇਸ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚਿਆ ਹੈ। ਅਫਗਾਨਿਸਤਾਨ ਵਿਚ ਕਾਬੁਲ, ਜਲਾਲਾਬਾਦ ਅਤੇ ਗਾਜ਼ੀ ਵਿਚ ਰਹਿਣ ਵਾਲੇ ਸਿੱਖ ਘੱਟ ਗਿਣਤੀ ਆਪਣੀ ਜਾਨ ਦੀ ਰੱਖਿਆ ਲਈ ਭਾਰਤ ਵਿਚ ਸ਼ਰਨ ਚਾਹੁੰਦੇ ਹਨ। ਅਫਗਾਨ ਸਿੱਖ ਭਾਈਚਾਰੇ ਦੇ ਨੇਤਾਵਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈਕਿ ਉਹ ਅਫਗਾਨਿਸਤਾਨ ਤੋਂ ਸਿੱਖਾਂ ਅਤੇ ਹਿੰਦੂਆਂ ਨੂੰ ਇਕੱਠਾ ਕਰੇ ਅਤੇ ਉਹਨਾਂ ਨੂੰ ਦੇਸ਼ ਵਿਚ ਕਾਨੂੰਨੀ ਪ੍ਰਵੇਸ਼ ਅਤੇ ਰਾਜਨੀਤਕ ਸ਼ਰਨ ਪ੍ਰਦਾਨ ਕਰੇ।

ਸੰਯੁਕਤ ਰਾਜ ਅਮਰੀਕਾ ਵਿਚ ਰਹਿਣ ਵਾਲੇ ਭਾਈਚਾਰਕ ਨੇਤਾਵਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ਦੀ ਗੰਭੀਰ ਸਥਿਤੀ 'ਤੇ ਧਿਆਨ ਦੇਣ ਦੀ ਲੋੜ ਹੈ। ਇਸ ਲਈ ਭਾਰਤ ਇਕੋਇਕ ਸੁਰੱਖਿਅਤ ਆਸਰਾ ਸਥਲ ਹੈ। ਏ.ਐੱਨ.ਆਈ. ਨਾਲ ਗੱਲ ਕਰਦਿਆਂ ਅਫਗਾਨਿਸਤਾਨ ਸਿੱਖ ਕਮੇਟੀ ਫੌਰ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਬੇਦੀ ਨੇ ਕਿਹਾ,''ਕੋਰੋਨਾਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਲਾਕਡਾਊਨ ਲਾਗੂ ਕੀਤਾ ਹੋਇਆ ਹੈ। ਅਸੀਂ ਭਾਰਤ ਦੀ ਚਿੰਤਾ ਨੂੰ ਸਮਝਦੇ ਹਾਂ ਪਰ ਮੈਂ ਫਿਰ ਵੀ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਰੰਤ ਕਾਰਵਾਈ ਕਰੇ ਕਿਉਂਕਿ ਅਸੀਂ ਅਫਗਾਨਿਸਤਾਨ ਵਿਚ ਰਹਿਣ ਵਲੇ ਸਿੱਖਾਂ ਦੀ ਸੁਰੱਖਿਆ ਨੂੰ ਲੈਕੇ ਚਿੰਤਤ ਹਾਂ।'' 

ਬੇਦੀ ਨੇ ਕਿਹਾ,''ਅਸੀਂ ਮੋਦੀ ਸਰਕਾਰ ਤੋਂ ਕਾਬੁਲ ਲਈ ਇਕ ਵਿਸ਼ੇਸ਼ ਉਡਾਣ ਦੀ ਵਿਵਸਥਾ ਕਰਨ ਦੀ ਅਪੀਲ ਕਰਦੇ ਹਾਂ ਅਤੇ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਮਾਮਲੇ ਵਿਚ ਦਖਲ ਅੰਦਾਜ਼ੀ ਕਰੇ।'' ਬੇਦੀ ਨੇ ਆਈ.ਐੱਸ.ਆਈ.ਐੱਸ. ਵੱਲੋਂ 25 ਮਾਰਚ ਨੂੰ ਕੀਤੇ ਗਏ ਅੱਤਵਾਦੀ ਹਮਲੇ ਨੂੰ ਲੈ ਕੇ ਵੀ ਆਪਣੀ ਚਿੰਤਾ ਜ਼ਾਹਰ ਕੀਤੀ। ਇਸ ਹਮਲੇ ਵਿਚ ਕਾਬੁਲ ਗੁਰਦੁਆਰੇ ਵਿਚ 25 ਸਿੱਖ ਮਾਰੇ ਗਏ ਸਨ। ਬੇਦੀ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਔਰਤਾਂ, ਬਜ਼ੁਰਗ ਅਤੇ 4 ਸਾਲ ਦੀ ਬੱਚੀ ਵੀ ਸ਼ਾਮਲ ਸੀ। ਸਾਰੇ ਲੋਕ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਸਿਹਤ ਲਈ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ਸਨ ਪਰ ਧਾਰਮਿਕ ਕੱਟੜਤਾ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ।ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਦੇ ਨਾਲ ਇਕਜੁੱਟਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਭਾਰਤ ਹਮੇਸ਼ਾ ਤੋਂ ਅਫਗਾਨਿਸਤਾਨ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਨਾਲ ਇਕਜੁੱਟਤਾ ਦਰਸਾਉਂਦਾ ਰਿਹਾ ਹੈ ਅਤੇ ਮੁਸ਼ਕਲ ਹਾਲਤਾਂ ਵਿਚ ਮਦਦ ਵੀ ਕੀਤੀ ਹੈ। 


 


author

Vandana

Content Editor

Related News