ਨਿਊਯਾਰਕ ਦੀਆਂ ਸੜਕਾਂ ''ਤੇ ਪਾਕਿ ਵਿਰੁੱਧ ਪ੍ਰਦਰਸ਼ਨ, ਤਸਵੀਰਾਂ ਵਾਇਰਲ

09/27/2019 12:16:58 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀਆਂ ਸੜਕਾਂ 'ਤੇ ਪਾਕਿਸਤਾਨ ਦੀ ਕਾਫੀ ਬੇਇੱਜ਼ਤੀ ਹੋ ਰਹੀ ਹੈ। ਨਿਊਯਾਰਕ ਸ਼ਹਿਰ ਵਿਚ ਵੀਰਵਾਰ ਨੂੰ ਪਾਕਿਸਤਾਨ ਦੇ ਘੱਟ ਗਿਣਤੀ ਲੋਕਾਂ ਨੇ ਇਮਰਾਨ ਖਾਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇੱਥੇ ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰ ਨੂੰ ਪ੍ਰਦਰਸ਼ਿਤ ਕਰਨ ਵਾਲੇ ਪੋਸਟਰ ਦੇਖੇ ਗਏ। ਇਹ ਪੋਸਟਰ ਟੈਕਸੀ ਅਤੇ ਟਰੱਕ 'ਤੇ ਦਿਖਾਈ ਦਿੱਤੇ। ਇਨ੍ਹਾਂ ਵਿਚ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਮਾੜੀ ਹਾਲਤ ਅਤੇ ਦੁੱਖਾਂ ਨੂੰ ਜ਼ਾਹਰ ਕੀਤਾ ਗਿਆ ਸੀ।

 

ਇਹ ਪ੍ਰਚਾਰ ਮੁਹਿੰਮ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਦਿੱਤੇ ਜਾਣ ਵਾਲੇ ਭਾਸ਼ਣ ਤੋਂ ਠੀਕ ਪਹਿਲਾਂ ਸ਼ੁਰੂ ਕੀਤੀ ਗਈ। ਇਸ ਨੂੰ ਅਮਰੀਕਾ ਦੇ ਮੁਹਾਜਿਰ ਐਡਵੋਕੇਸੀ ਗਰੁੱਪ 'ਵੌਇਸ ਆਫ ਕਰਾਚੀ' ਨੇ ਲਾਂਚ ਕੀਤਾ। ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਨੇੜੇ ਖੜ੍ਹੀਆਂ ਗੱਡੀਆਂ 'ਤੇ ਦੇਖੇ ਗਏ ਇਸ਼ਤਿਹਾਰ ਵਿਚ ਲਿਖਿਆ ਸੀ ਕਿ ਪਾਕਿਸਤਾਨ ਮਨੁੱਖੀ ਅਧਿਕਾਰਾਂ 'ਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਤੋਂ ਇਨਕਾਰ ਕਰਨ ਵਾਲਾ ਦੇਸ਼ ਹੈ ਅਤੇ ਮੁਹਾਜਿਰ ਪਾਕਿਸਤਾਨ ਵਿਚ ਸੰਯੁਕਤ ਰਾਸ਼ਟਰ ਦੀ ਦਖਲ ਅੰਦਾਜ਼ੀ ਦੀ ਮੰਗ ਕਰਦੇ ਹਨ।

ਕਰਾਚੀ ਦੇ ਸਾਬਕਾ ਮੇਅਰ ਵਾਸੇ ਜ਼ਲੀਲ ਨੇ ਦੱਸਿਆ ਕਿ ਪਾਕਿਸਤਾਨ ਮੁਹਾਜਿਰਾਂ ਨੂੰ ਅਨਿਆਂ ਵਿਰੁੱਧ ਸ਼ਾਂਤੀਪੂਰਣ ਵਿਰੋਧ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ। ਸਾਡੇ ਕੋਲ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਬੌਡੀਆਂ ਨਾਲ ਸੰਪਰਕ ਕਰਨ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ। ਇਹ ਸਾਡਾ ਨੈਤਿਕ, ਮਨੁੱਖੀ ਅਤੇ ਲੋਕਤੰਤਰੀ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਪੰਜਾਬੀ ਮੁਸਲਿਮ ਬਹੁ ਗਿਣਤੀ ਦੇ ਘੱਟ ਗਿਣਤੀਆਂ ਨਾਲ ਦੁਰਵਿਵਹਾਰ ਦੀਆਂ ਸੈਂਕੜੇ ਕਹਾਣੀਆਂ ਹਨ। 

 

2018 ਵਿਚ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਇਕ ਮੈਂਬਰ ਸੈਯਦ ਅਲੀ ਰਜ਼ਾ ਆਬਦੀ ਨੂੰ ਪਾਕਿਸਤਾਨ ਦੀ ਫੌਜ ਦੇ ਇਸ਼ਾਰੇ 'ਤੇ ਮਾਰ ਦਿੱਤਾ ਗਿਆ ਸੀ। ਵੌਇਸ ਆਫ ਕਰਾਚੀ ਦੇ ਚੇਅਰਮੈਨ ਨਦੀਮ ਨੁਸਰਤ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਚੁੱਕ ਰਿਹਾ ਹੈ ਤਾਂ ਜੋ ਪਾਕਿਸਤਾਨੀ ਫੌਜ ਦੇ ਅੱਤਿਆਚਾਰਾਂ 'ਤੇ ਧਿਆਨ ਨਾ ਜਾਵੇ। ਪਾਕਿਸਤਾਨ ਘੱਟ ਗਿਣਤੀ ਅਮਰੀਕੀ ਕਾਂਗਰਸੀਆਂ ਅਤੇ ਸੈਨੇਟਰਾਂ ਕੋਲ ਵੀ ਪਹੁੰਚ ਰਹੇ ਹਨ। ਉਹ ਉਨ੍ਹਾਂ ਨੂੰ ਪਾਕਿਸਤਾਨ 'ਤੇ ਦਬਾਅ ਬਣਾਉਣ ਲਈ ਮਦਦ ਦੀ ਮੰਗ ਕਰ ਰਹੇ ਹਨ।

 

'ਫ੍ਰੀ ਬਲੋਚਿਸਤਾਨ ਮੂਵਮੈਂਟ' ਦੇ ਕੇਂਦਰੀ ਪਰੀਸ਼ਦ ਦੇ ਮੈਂਬਰ ਸ਼ਮਸ ਬਲੂਚ ਨੇ ਕਿਹਾ ਕਿ ਸਾਡਾ ਉਦੇਸ਼ ਦੁਨੀਆ ਦੇ ਸਾਹਮਣੇ ਪਾਕਿਸਤਾਨ ਦਾ ਅਸਲੀ ਚਿਹਰਾ ਲਿਆਉਣਾ ਹੈ ਅਤੇ ਦੁਨੀਆ ਨੂੰ ਦੱਸਣਾ ਹੈ ਕਿ ਪਾਕਿਸਤਾਨ ਮਨੁੱਖਤਾ 'ਤੇ ਇਕ ਦਾ ਦਾਗ ਹੈ।''

 

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਮੁਹਾਜਿਰ ਜਾਂ ਮੋਹਾਜਿਰ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਭਾਰਤ-ਪਾਕਿਸਤਾਨ ਦੀ ਵੰਡ ਦੇ ਬਾਅਦ ਵਰਤਮਾਨ ਭਾਰਤ ਦੇ ਕਿਸੇ ਖੇਤਰ ਤੋਂ ਪਾਕਿਸਤਾਨ ਵਿਚ ਆ ਕੇ ਵੱਸ ਗਏ ਸਨ। ਪਾਕਿਸਤਾਨ ਵਿਚ ਮੁਹਾਜਿਰ ਘੱਟ ਗਿਣਤੀਆਂ ਵਿਚ ਸ਼ਾਮਲ ਹਨ।


Vandana

Content Editor

Related News