ਅਮਰੀਕਾ ''ਚ ਜਹਾਜ਼ ਹੋਇਆ ਹਾਦਸਾਗ੍ਰਸਤ, 2 ਦੀ ਮੌਤ
Tuesday, Jan 22, 2019 - 01:08 PM (IST)

ਵਾਸ਼ਿੰਗਟਨ (ਵਾਰਤਾ)— ਅਮਰੀਕਾ ਦੇ ਓਹੀਓ ਸੂਬੇ ਵਿਚ ਇਕ ਜਹਾਜ਼ ਉਡਾਣ ਭਰਨ ਦੇ ਬਾਅਦ ਅਚਾਨਕ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ 55 ਸਾਲਾ ਪਾਇਲਟ ਬ੍ਰਾਇਨ ਸਟੋਲਜ਼ਫਸ ਅਤੇ 56 ਸਾਲਾ ਸਹਿ ਪਾਇਲਟ ਕਰਟਿਸ ਵਿਲਕਰਸਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੰਗਲਵਾਰ ਨੂੰ ਸਥਾਨਕ ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਓਹੀਓ ਸੂਬੇ ਦੀ ਵੇਨੇ ਕਾਊਂਟੀ ਵਿਚ ਹੋਏ ਜਹਾਜ਼ ਹਾਦਸੇ ਦਾ ਕਾਰਨ ਇੰਜਣ ਵਿਚ ਖਰਾਬੀ ਹੋ ਸਕਦੀ ਹੈ। ਜਹਾਜ਼ ਕਲੀਵਲੈਂਡ ਦੇ ਦੱਖਣ ਵਿਚ ਲੱਗਭਗ 50 ਮੀਲ (80 ਕਿਲੋਮੀਟਰ) ਦੀ ਦੂਰੀ ਤੇ ਵੇਨੇ ਕਾਊਂਟੀ ਵਿਚ ਸਟੋਲਜ਼ਫਸ ਏਅਰਫੀਲਡ ਤੋਂ ਉਡਾਣ ਭਰਨ ਮਗਰੋਂ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਰੁੱਖਾਂ ਨਾਲ ਟਕਰਾਉਣ ਮਗਰੋਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਇਆ। ਫਿਰ ਜਹਾਜ਼ ਦਾ ਅਗਲਾ ਹਿੱਸਾ ਨਸ਼ਟ ਹੋ ਗਿਆ। ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ।