US: ਲਾਸ ਏਂਜਲਸ ਨੇ ਸਕੂਲੀ ਵਿਦਿਆਰਥੀਆਂ ਲਈ ਕੋਰੋਨਾ ਵੈਕਸੀਨ ਕੀਤੀ ਜ਼ਰੂਰੀ
Friday, Sep 10, 2021 - 06:27 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਬੱਚਿਆਂ ਦਰਮਿਆਨ ਕੋਰੋਨਾ ਦੇ ਕੇਸ ਵੱਧ ਰਹੇ ਹਨ। ਇਸ ਲਈ ਲਾਸ ਏਂਜਲਸ ਸਕੂਲ ਡਿਸਟ੍ਰਿਕਟ ਵੱਲੋਂ ਵੈਕਸੀਨ ਲਗਵਾਈ ਜਾਣੀ ਜ਼ਰੂਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕੈਲੀਫੋਰਨੀਆ ਵਿੱਚ ਲਾਸ ਏਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜੋ ਕਿ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਹੈ, ਨੇ ਵੀਰਵਾਰ ਨੂੰ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਕੋਰੋਨਾ ਵੈਕਸੀਨ ਦੇ ਆਦੇਸ਼ ਨੂੰ ਪ੍ਰਵਾਨਗੀ ਦਿੱਤੀ ਹੈ। ਸਕੂਲ ਡਿਸਟ੍ਰਿਕਟ ਦੀ ਇਸ ਜ਼ਰੂਰਤ ਦੇ ਤਹਿਤ ਸਾਰੇ ਯੋਗ ਵਿਦਿਆਰਥੀਆਂ ਲਈ ਵਿਅਕਤੀਗਤ ਕਲਾਸਾਂ ਵਿੱਚ ਆਉਣ ਲਈ ਕੋਵਿਡ ਟੀਕੇ ਲਾਜ਼ਮੀ ਹੋਣਗੇ। ਇਸ ਸਕੂਲ ਡਿਸਟ੍ਰਿਕਟ ਦੇ 1,000 ਤੋਂ ਵੱਧ ਸਕੂਲਾਂ ਵਿੱਚ 600,000 ਤੋਂ ਵੱਧ ਵਿਦਿਆਰਥੀ ਹਨ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਮਹਾਮਾਰੀ 'ਚ ਲੋਕਾਂ ਨੂੰ ਉਮੀਦ ਦੇਣ ਲਈ ਉਗਾਏ ਗਏ 100,000 ਤੋਂ ਵੱਧ ਸੂਰਜਮੁਖੀ ਦੇ ਫੁੱਲ
ਇਸ ਕਾਉਂਟੀ ਦੇ ਪਬਲਿਕ ਹੈਲਥ ਵਿਭਾਗ ਦੇ ਅਨੁਸਾਰ, ਲਾਸ ਏਂਜਲਸ ਕਾਉਂਟੀ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 17 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 190,000 ਤੋਂ ਵੱਧ ਕੋਵਿਡ ਦੇ ਕੇਸ ਦਰਜ ਹੋਏ ਹਨ।ਅਮਰੀਕਾ ਵਿੱਚ ਕਲਵਰ ਸਿਟੀ, ਕੈਲੀਫੋਰਨੀਆ ਅਤੇ ਹੋਬੋਕੇਨ, ਨਿਊਜਰਸੀ, ਸਕੂਲ ਡਿਸਟ੍ਰਿਕਟਜ਼ ਨੇ ਪਹਿਲਾਂ ਹੀ ਵਿਦਿਆਰਥੀਆਂ ਅਤੇ ਸਟਾਫ ਲਈ ਟੀਕੇ ਜਾਂ ਟੈਸਟਿੰਗ ਆਦੇਸ਼ ਲਾਗੂ ਕੀਤੇ ਹਨ। ਅਮਰੀਕੀ ਸਕੂਲਾਂ ਵਿੱਚ ਵਿਅਕਤੀਗਤ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਕੋਵਿਡ ਦੇ ਪ੍ਰਕੋਪ ਨੇ 1,400 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਹਨ ਜਦਕਿ ਟੈਨੇਸੀ ਵਿੱਚ ਘੱਟੋ ਘੱਟ ਅੱਠ ਪਬਲਿਕ ਸਕੂਲ ਕਰਮਚਾਰੀਆਂ ਦੀ ਕੋਰੋਨਾ ਕਾਰਨ ਮੌਤ ਵੀ ਦਰਜ ਹੋਈ ਹੈ।