ਅਮਰੀਕਾ: ਰਿਸ਼ਵਤ ਦੇਣ ਦੇ ਮਾਮਲੇ ''ਚ ਭਾਰਤੀ ਮੂਲ ਦੇ ਜਗਪਾਲ ਸਿੰਘ ਨੂੰ 3 ਸਾਲ ਦੀ ਸਜ਼ਾ

12/09/2019 2:40:58 PM

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਰਹਿਣ ਵਾਲੇ ਇਕ 61 ਸਾਲਾ ਭਾਰਤੀ ਮੂਲ ਦੇ ਵਿਅਕਤੀ ਜਗਪਾਲ ਸਿੰਘ ਪਾਲ ਨੂੰ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਹੈ। ਅਮਰੀਕੀ ਅਟਾਰਨੀ ਮੈਕਗ੍ਰੇਗਰ ਡਬਲਯੂ ਸਕਾਟ ਨੇ ਇਸ ਬਾਰੇ ਦੱਸਿਆ ਕਿ ਜਗਪਾਲ ਸਿੰਘ ਨੇ ਆਪਣਾ ਟਰੱਕ ਡਰਾਈਵਿੰਗ ਦਾ ਲਾਈਸੈਂਸ ਬਣਾਉਣ ਲਈ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। 1 ਮਾਰਚ ਨੂੰ ਅਦਾਲਤ ਨੇ ਜਗਪਾਲ ਸਿੰਘ ਨੂੰ ਰਿਸ਼ਵਤ ਦੇਣ ਅਤੇ ਆਪਣੀ ਪਛਾਣ ਗਲਤ ਦੱਸਣ ਅਤੇ ਕੰਪਿਊਟਰ ਦੀ ਗ਼ੈਰ ਅਧਿਕਾਰਾਂ ਦੀ ਵਰਤੋਂ ਕਰਨ ਦੇ ਜ਼ੁਰਮ 'ਚ ਦੋਸ਼ੀ ਮਨਾ ਲਿਆ ਸੀ। 

ਅਦਾਲਤੀ ਕਾਰਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਸਿੰਘ ਨੇ ਡੀ.ਐਮ.ਵੀ. ਦੇ ਦੋ ਅਧਿਕਾਰੀਆਂ ਜਿਹਨਾਂ ਵਿਚ ਲੀਸਾ ਟੀਰਾਸ਼ਨੋ ਅਤੇ ਕੇਰੀ ਸਕੇਟੇਗਲੀਆ ਸਨ, ਨੂੰ ਰਿਸ਼ਵਤ ਦਿੱਤੀ ਅਤੇ ਇਹਨਾਂ ਦੋਵਾਂ ਨੇ ਅਦਾਲਤ 'ਚ ਆਪਣਾ ਜ਼ੁਰਮ ਕਬੂਲ ਲਿਆ ਹੈ। ਜਗਪਾਲ ਸਿੰਘ ਪਾਲ ਦੇ ਨਾਲ ਹੀ ਲੀਸਾ ਟੀਰਾਸ਼ਨੋ ਨੂੰ ਵੀ ਅਦਾਲਤ ਨੇ ਤਿੰਨ ਸਾਲ ਚਾਰ ਮਹੀਨੇ ਅਤੇ ਕੇਰੀ ਸਕੇਟੇਗਲੀਆ ਨੂੰ ਦੋ ਸਾਲ ਅੱਠ ਮਹੀਨੇ ਦੀ ਸਜ਼ਾ ਸੁਣਾਈ ਹੈ। ਡਰਾਈਵਿੰਗ  ਮਹਿਕਮੇ ਦੇ ਇਹਨਾਂ ਦੋਵਾਂ ਮੁਲਾਜ਼ਮਾਂ ਨੂੰ ਜਗਪਾਲ ਸਿੰਘ ਪਾਲ ਦੇ ਡਰਾਈਵਿੰਗ ਸਕੂਲ ਦੇ ਵਿਦਿਆਰਥੀਆਂ ਵਾਸਤੇ ਕੰਪਿਊਟਰ ਦੇ ਡੇਟਾਬੇਸ 'ਚ ਛੇੜਛਾੜ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਹੈ। 

ਸੈਕਰਾਮੈਂਟੋ ਕੈਲੀਫੋਰਨੀਆ ਵਿਖੇ ਵਾਪਰੇ ਇਸ ਰਿਸ਼ਵਤ ਅਤੇ ਡਰਾਈਵਿੰਗ ਨਾਲ ਸੰਬਧਤ ਮਾਮਲੇ 'ਚ ਵਿਭਾਗੀ ਰਿਕਾਰਡ ਨਾਲ ਵੱਡੇ ਪੱਧਰ 'ਤੇ ਤਬਦੀਲੀ ਵੀ ਕੀਤੀ ਗਈ ਸੀ। ਟਰੱਕ ਡਰਾਈਵਿੰਗ ਦਾ ਟੈਸਟ ਦੇਣ ਵਾਲੇ ਉਮੀਦਵਾਰਾਂ ਨੂੰ ਰਿਕਾਰਡ ਮੁਤਾਬਕ ਵਿਭਾਗ ਦੇ ਕੰਪਿਊਟਰਾਂ 'ਚ ਪਾਸ ਦਿਖਾਇਆ ਗਿਆ ਸੀ ਜਦਕਿ ਉਮੀਦਵਾਰਾਂ ਨੇ ਕੋਈ ਟੈਸਟ ਤੱਕ ਵੀ ਨਹੀਂ ਦਿੱਤਾ ਸੀ ਪਰ ਇਸ ਤਰ੍ਹਾਂ ਦੀਆਂ ਬੇ-ਨਿਯਮੀਆਂ ਕਾਰਨ ਕਈ ਅਜਿਹੇ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ ਜਾਰੀ ਕਰ ਦਿੱਤੇ ਗਏ ਸਨ ਜਿਹੜੇ ਕਿ ਅਮਰੀਕਾ 'ਚ ਡਰਾਈਵਿੰਗ ਮਾਪਦੰਡਾਂ 'ਤੇ ਖਰੇ ਵੀ ਨਹੀਂ ਉੱਤਰਦੇ ਸਨ। ਧੌਖਾਧੜੀ ਦਾ ਇਹ ਮਾਮਲਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵ੍ਹੀਕਲਸ, ਆਫਿਸ ਆਫ ਇੰਟਰਨਲ ਅਫੇਅਰਜ਼, ਐਫ.ਬੀ.ਆਈ, ਯੂ.ਐੱਸ. ਇੰਮੀਗ੍ਰੇਸ਼ਨ ਐਂਡ ਕਸ਼ਟਮਜ਼ ਇੰਨਫੋਰਸਮੈਂਟ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਅਤੇ ਡਿਪਾਰਟਮੈਂਟ ਆਫ ਟਰਾਂਸਪੋਰਟ ਵੱਲੋਂ ਜਾਂਚ ਦੇ ਸਾਂਝੇ ਯਤਨਾਂ ਕਾਰਨ ਸਾਹਮਣੇ ਆਇਆ। 

ਅਸਿਸਟੈਂਟ ਯੂ.ਐੱਸ. ਅਟਾਰਨੀ ਰੋਸੇਨ ਐਲ. ਰਸਟ ਨੇ ਅਦਾਲਤ 'ਚ ਇਸ ਮਾਮਲੇ ਦੀ ਪੈਰਵਾਈ ਕੀਤੀ। ਇਸੇ ਮਾਮਲੇ 'ਚ 34 ਸਾਲਾ ਤੇਜਿੰਦਰ ਸਿੰਘ, ਡਰਾਈਵਿੰਗ ਸਕੂਲ ਦੇ ਮਾਲਕ 29 ਸਾਲਾ ਪਰਮਿੰਦਰ ਸਿੰਘ, ਰੈਂਚੋ ਕੁਕਮੰਗਾ ਵਿਖੇ ਡੀ.ਐਮ.ਵੀ.ਦਾ ਮੁਲਾਜ਼ਮ 49 ਸਾਲਾ ਸ਼ਵਾਨਾ ਡੇਨਿਸ ਹੈਰਿਸ 'ਤੇ ਅਦਾਲਤ ਨੇ 1 ਜੂਨ 2020 ਨੂੰ ਸੁਣਵਾਈ ਕਰਨ ਦੀ ਤਾਰੀਖ਼ ਮਿੱਥੀ ਹੈ। ਹਾਲੇ ਇਹਨਾਂ ਦੇ ਦੋਸ਼ ਸਾਬਤ ਨਹੀਂ ਹੋਏ ਹਨ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਕੇਸ ਦੀਆਂ ਦਲੀਲਾਂ ਅਤੇ ਦੋਸ਼ਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਹਰ ਇੱਕ ਨੂੰ ਪੰਜ ਸਾਲ ਤੱਕ ਦੀ ਸਜ਼ਾ ਅਤੇ ਢਾਈ ਲੱਖ ਅਮਰੀਕੀ ਡਾਲਰਾਂ ਦਾ ਜ਼ੁਰਮਾਨਾ ਹੋ ਸਕਦਾ ਹੈ।


Vandana

Content Editor

Related News