ਅਮਰੀਕਾ ਦੇ ਤਿੰਨ ਸ਼ਹਿਰਾਂ ਦੇ ਮੇਅਰ ਡਟੇ ਭਾਰਤੀ ਕਿਸਾਨਾਂ ਦੇ ਹੱਕ ''ਚ

Friday, Feb 05, 2021 - 06:12 PM (IST)

ਵਾਸ਼ਿੰਗਟਨ (ਬਿਊਰੋ): ਭਾਰਤ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦਾ ਅੱਜ 72ਵਾਂ ਦਿਨ ਹੈ। ਹੁਣ ਤੱਕ ਸਰਕਾਰ ਅਤੇ ਕਿਸਾਨ ਨੇਤਾ ਇਸ ਮੁੱਦੇ 'ਤੇ ਸਹਿਮਤੀ ਨਹੀਂ ਬਣਾ ਸਕੇ ਹਨ। ਇਸ ਦੌਰਾਨ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਹਿਯੋਗ ਅਤੇ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਕੜੀ ਵਿਚ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਕਿਸਾਨਾਂ ਦੇ ਸਮਰਥਨ ਵਿਚ ਕੀਤੇ ਟਵੀਟ ਮਗਰੋਂ ਹਾਲੀਵੁੱਡ ਅਤੇ ਬਾਲੀਵੁੱਡ ਕਈ ਹਸਤੀਆਂ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਇਹਨਾਂ ਦੇ ਇਲਾਵਾ ਅਮਰੀਕੀ ਰਾਜ ਦੇ ਵੱਖ-ਵੱਖ ਸ਼ਹਿਰਾਂ ਦੇ ਭਾਰਤੀ ਮੂਲ ਦੇ ਮੇਅਰਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਫਰਿਜ਼ਨੋ, ਕੈਲੀਫੋਰਨੀਆ ਦੇ ਮੇਅਰ ਜੈਰੀ ਡਾਇਰ ਨੇ ਕਿਸਾਨ ਅੰਦੋਲਨ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ। 

ਆਪਣੇ ਵੀਡੀਓ ਸੰਦੇਸ਼ ਵਿਚ ਜੈਰੀ ਡਾਇਰ ਨੇ ਕਿਹਾ ਕਿ ਜੋ ਤੁਸੀਂ ਅਨਿਆਂ ਵਿਰੁੱਧ ਖੜ੍ਹੇ ਹੋ ਤਾਂ ਅਸੀਂ ਅਮਰੀਕੀ ਤੁਹਾਡੇ ਨਾਲ ਖੜ੍ਹੇ ਹਾਂ। ਤੁਸੀਂ ਖੁਦ ਨੂੰ ਇਕੱਲੇ ਨਾ ਸਮਝੋ। ਇਸੇ ਤਰ੍ਹਾਂ ਮਸ਼ਹੂਰ ਅਮਰੀਕੀ ਫੁੱਟਬਾਲ ਖਿਡਾਰੀ ਜੂ ਜੂ ਸਮਿਥ ਸਕਸਟਰ ਵੱਲੋਂ ਵੀ ਕਿਸਾਨ ਅੰਦੋਲਨ ਵਿਚ ਡਟੇ ਕਿਸਾਨਾਂ ਦੀਆਂ ਸਿਹਤ ਸਹੂਲਤ ਲਈ 10 ਹਜ਼ਾਰ ਡਾਲਰ ਦੇਣ ਦੀ ਗੱਲ ਕਹੀ ਗਈ ਹੈ।

PunjabKesari

ਫਰਿਜ਼ਨੋ ਦੇ ਮੇਅਰ ਤੋਂ ਪਹਿਲਾਂ ਐਲਕ ਗਰੋਵ ਦੀ ਪਹਿਲੀ ਵਾਰ ਬਣੀ ਮੇਅਰ ਸਿੱਖ ਬੀਬੀ ਬੌਬੀ ਸਿੰਘ ਵੀ ਕਿਸਾਨਾਂ ਦੇ ਹੱਕ ਵਿਚ ਭਾਰਤ ਸਰਕਾਰ ਦੇ ਅਮਰੀਕਾ ਸਥਿਤ ਅੰਬੈਸਡਰ ਨੂੰ ਲਿਖਤੀ ਰੂਪ ਵਿਚ ਬਿਆਨ ਦੇ ਚੁੱਕੇ ਹਨ ਅਤੇ ਅਕਸਰ ਉਹ ਫੇਸਬੁੱਕ ਅਤੇ ਟਵਿੱਟਰ 'ਤੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ। 

ਇਸ ਹੀ ਤਰ੍ਹਾਂ ਲੈਥਰੋਪ ਸ਼ਹਿਰ ਤੋਂ ਪੰਜਵੀਂ ਵਾਰ ਮੇਅਰ ਬਣੇ ਸੁਖਮਿੰਦਰ ਸਿੰਘ ਧਾਲੀਵਾਲ ਨੇ ਵੀ ਕਿਸਾਨਾਂ ਦੀ ਭਰਵੀਂ ਹਮਾਇਤ ਕੀਤੀ ਹੈ ਤੇ ਨਿੱਜੀ ਤੌਰ 'ਤੇ ਮਦਦ ਵੀ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿਚ ਵੀ ਵੱਡੀ ਗਿਣਤੀ ਵਿਚ ਹੋਰ ਵੱਡੀਆਂ ਅਮਰੀਕੀ ਸ਼ਖਸੀਅਤਾਂ ਵੱਲੋਂ ਕਿਸਾਨਾਂ ਦੇ ਪੱਖ ਵਿਚ ਖੜ੍ਹਨ ਅਤੇ ਬਿਆਨ ਦੇਣ ਦਾ ਸਿਲਸਿਲਾ ਜਾਰੀ ਰਹਿਣ ਦੀ ਆਸ ਹੈ।


Vandana

Content Editor

Related News