ਅਮਰੀਕਾ : ਭਾਰੀ ਬਰਫਬਾਰੀ ਕਾਰਨ ਕਈ ਉਡਾਣਾਂ ਰੱਦ, 32 ਰਾਜਾਂ ''ਚ ਐਲਰਟ ਜਾਰੀ

Friday, Nov 29, 2019 - 12:03 PM (IST)

ਅਮਰੀਕਾ : ਭਾਰੀ ਬਰਫਬਾਰੀ ਕਾਰਨ ਕਈ ਉਡਾਣਾਂ ਰੱਦ, 32 ਰਾਜਾਂ ''ਚ ਐਲਰਟ ਜਾਰੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਚ ਭਾਰੀ ਬਰਫਬਾਰੀ, ਤੇਜ਼ ਹਵਾ ਅਤੇ ਮੀਂਹ ਦੇ ਕਾਰਨ ਆਏ ਬਰਫੀਲੇ ਚੱਕਰਵਾਤੀ ਤੂਫਾਨ ਨੇ ਆਮ ਲੋਕਾਂ ਦੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੜਕਾਂ 'ਤੇ ਬਰਫ ਦੀ 30 ਇੰਚ ਤੱਕ ਮੋਟੀ ਪਰਤ ਜੰਮ ਗਈ ਹੈ। ਦੇਸ਼ ਭਰ ਵਿਚ 600 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉੱਥੇ 500 ਤੋਂ ਜ਼ਿਆਦਾ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਥੈਂਕਸਗਿਵਿੰਗ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੱਕਰਵਾਤੀ ਤੂਫਾਨ ਨੇ ਅਮਰੀਕੀ ਲੋਕਾਂ ਲਈ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮਾਂ ਨੂੰ ਖਰਾਬ ਕਰ ਦਿੱਤਾ ਹੈ। ਕਰੀਬ 5.5 ਕਰੋੜ ਅਮਰੀਕੀ ਲੋਕਾਂ ਨੇ ਇਨ੍ਹਾਂ ਛੁੱਟੀਆਂ ਦੌਰਾਨ ਘੁੰਮਣ ਦੀ ਯੋਜਨਾ ਬਣਾਈ ਸੀ।

ਬੀਤੀ ਰਾਤ ਹੋਈ ਭਾਰੀ ਬਰਫਬਾਰੀ ਕਾਰਨ ਡਰਾਈਵਰ 17 ਘੰਟੇ ਤੱਕ ਹਾਈਵੇਅ 'ਤੇ ਹੀ ਫਸੇ ਰਹੇ। ਉਨ੍ਹਾਂ ਨੂੰ ਗੱਡੀਆਂ ਵਿਚ ਹੀ ਰਾਤ ਕੱਟਣੀ ਪਈ। ਉੱਥੇ ਦੱਖਣੀ ਮਿਨੇਸੋਟਾ ਵਿਚ ਤੇਜ਼ ਬਰਫਬਾਰੀ ਦੇ ਕਾਰਨ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ। ਮਿਸੌਰੀ, ਓਰੇਗਾਨ ਵਿਚ ਬੁੱਧਵਾਰ ਨੂੰ ਤੇਜ਼ ਹਵਾਵਾਂ ਦੇ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ। 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬਿਨਾਂ ਪਾਣੀ ਅਤੇ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਓਰੇਗਾਨ ਦੇ ਮੌਸਮ ਵਿਭਾਗ ਦੇ ਪ੍ਰਮੁੱਖ ਮਾਰਕ ਸਪਿਲਡ ਮੁਤਾਬਕ ਇਸ ਤੋਂ ਪਹਿਲਾਂ ਸਾਲ 1962 ਵਿਚ ਅਜਿਹਾ ਬਰਫੀਲਾ ਤੂਫਾਨ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਤੂਫਾਨ ਪੂਰਬੀ ਤੱਟ ਵੱਲ ਵਧੇਗਾ। ਇਸ ਨੂੰ ਦੇਖਦਿਆਂ 32 ਰਾਜਾਂ ਵਿਚ ਐਲਰਟ ਜਾਰੀ ਕੀਤਾ ਗਿਆ ਹੈ ਅਤੇ ਸਾਰੇ ਹਾਈਵੇਅ ਬੰਦ ਕਰ ਦਿੱਤੇ ਗਏ ਹਨ।


author

Vandana

Content Editor

Related News