ਅਮਰੀਕਾ : ਫਲੋਰਿਡਾ ’ਚ ਅੰਨ੍ਹੇਵਾਹ ਫਾਇਰਿੰਗ ਨਾਲ ਮਚੀ ਭੱਜ-ਦੌੜ, ਹੋਈਆਂ ਇੰਨੀਆਂ ਮੌਤਾਂ
Monday, May 31, 2021 - 01:50 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ’ਚ ਫਲੋਰਿਡਾ ਦੇ ਮਿਆਮੀ ’ਚ ਐਤਵਾਰ ਨੂੰ ਇਕ ਕੰਸਰਟ ਦੇ ਬਾਹਰ ਮੌਜੂਦ ਭੀੜ ’ਤੇ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ’ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ 20 ਲੋਕ ਜ਼ਖਮੀ ਹੋ ਗਏ ਹਨ। ਫਾਇਰਿੰਗ ਦੀ ਇਹ ਘਟਨਾ ਐਤਵਾਰ ਤੜਕੇ ਮਿਆਮੀ ਗਾਰਡਨਜ਼ ਦੇ ਨੇੜੇ ਵਾਪਰੀ। ਮਿਆਮੀ ਪੁਲਸ ਨੇ ਦੱਸਿਆ ਕਿ ਇਸ ਥਾਂ ਉਤੇ ਇਕ ਕੰਸਰਟ ਚੱਲ ਰਿਹਾ ਸੀ ਤੇ ਬਹੁਤ ਸਾਰੇ ਲੋਕ ਜਮ੍ਹਾ ਸਨ। ਫਾਇਰਿੰਗ ਕਰਨ ਵਾਲੇ ਤਿੰਨ ਲੋਕ ਸਨ ਤੇ ਉਹ ਨਿਸਾਨ ਪਾਥਫਾਈਂਡਰ ਐੱਸ. ਯੂ. ਵੀ. ’ਚ ਆਏ ਸਨ। ਫਾਇਰਿੰਗ ਕਰਨ ਤੋਂ ਬਾਅਦ ਉਸੇ ਗੱਡੀ ਰਾਹੀਂ ਫਰਾਰ ਹੋ ਗਏ।
ਮਿਆਮੀ ਪੁਲਸ ਡਿਪਾਰਟਮੈਂਟ ਦੇ ਡਾਇਰੈਕਟਰ ਅਲਫ੍ਰੇਡੋ ਫ੍ਰੇਡੀ ਨੇ ਇਕ ਟਵੀਟ ’ਚ ਨਿਸ਼ਾਨਾ ਬਣਾ ਕੇ ਕੀਤੀ ਗਈ ਫਾਇਰਿੰਗ ਦੀ ਕਾਇਰਾਨਾ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ। ਅਮਰੀਕਾ ’ਚ ਪਿਛਲੇ ਇਕ ਸਾਲ ’ਚ ਇਸ ਤਰ੍ਹਾਂ ਦੀ ਫਾਇਰਿੰਗ ਦੀਆਂ ਘਟਨਾਵਾਂ ਵਧੀਆਂ ਹਨ। ਅਜਿਹੀਆਂ ਘਟਨਾਵਾਂ ਲਈ ਹਮੇਸ਼ਾ ਸਕੂਲਾਂ, ਦਫਤਰਾਂ ਜਾਂ ਸ਼ਾਪਿੰਗ ਮਾਲਜ਼ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪਿਛਲੇ ਸਾਲ ਅਮਰੀਕਾ ’ਚ ਬੰਦੂਕਾਂ ਨਾਲ ਜੁੜੀ ਹਿੰਸਾ ’ਚ 43000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।