ਅਸੰਤੁਸ਼ਟ ਪਾਕਿਸਤਾਨੀਆਂ ਨੇ ਅੱਤਵਾਦੀ ਸਮੂਹਾਂ ਦੇ ਵਿੱਤਪੋਸ਼ਣ ਨੂੰ ਰੋਕਣ ਦੀ ਕੀਤੀ ਅਪੀਲ

12/17/2018 3:44:49 PM

ਵਾਸ਼ਿੰਗਟਨ (ਭਾਸ਼ਾ)— ਅਸੰਤੁਸ਼ਟ ਪਾਕਿਸਤਾਨੀਆਂ ਦੇ ਇਕ ਸਮੂਹ ਨੇ ਉੱਥੋਂ ਦੀ ਸਰਕਾਰ ਤੋਂ ਅਜਿਹੇ ਅੱਤਵਾਦੀ ਸਮੂਹਾਂ ਦੇ 'ਵਿੱਤਪੋਸ਼ਣ ਅਤੇ ਸਹਿਯੋਗ' ਨੂੰ ਰੋਕਣ ਦੀ ਅਪੀਲ ਕੀਤੀ ਹੈ ਜੋ ਦੇਸ਼ ਵਿਚ ਖੁੱਲ੍ਹੇ ਤੌਰ 'ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿਚ ਮੁੰਬਈ ਅੱਤਵਾਦੀ ਹਮਲੇ ਦੇ ਸਰਦਾਰ ਹਾਫਿਜ਼ ਸਈਦ ਦੀ ਅਗਵਾਈ ਵਾਲੇ ਜਮਾਤ-ਉਦ-ਦਾਅਵਾ ਦਾ ਨਾਮ ਵੀ ਸ਼ਾਮਲ ਹੈ। ਅਸੰਤੁਸ਼ਟ ਮੈਂਬਰਾਂ ਨੇ ਵਿਚਾਰ ਵਟਾਂਦਰੇ ਲਈ ਇੱਥੇ 3 ਦਿਨੀਂ ਇਕ ਸੰਮੇਲਨ ਵਿਚ ਹਿੱਸਾ ਲਿਆ ਅਤੇ ਵੱਧਦੀ ਤਾਨਾਸ਼ਾਹੀ, ਲੋਕ ਨੀਤੀਆਂ 'ਤੇ ਫੌਜ ਦੇ ਵੱਧਦੇ ਕੰਟਰੋਲ ਅਤੇ ਗੈਰ ਫੌਜੀ ਸੰਸਥਾਵਾਂ ਨੂੰ ਕਮਜ਼ੋਰ ਕੀਤੇ ਜਾਣ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। 

ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਦੂਤ ਹੂਸੈਨ ਹੱਕਾਨੀ ਨੇ ਸੰਮੇਲਨ ਦੀ ਸਮਾਪਤੀ ਦੇ ਦਿਨ ਐਤਵਾਰ ਨੂੰ ਕਿਹਾ,''ਪਾਕਿਸਤਾਨ ਦੇ ਲੋਕ ਹਮੇਸ਼ਾ ਸੁਖੀ ਰਹਿਣ ਅਤੇ ਉਨ੍ਹਾਂ ਨੂੰ ਉਸ ਤਾਨਾਸ਼ਾਹੀ ਦੇ ਬੁਰੇ ਸੁਪਨੇ ਤੋਂ ਨਿਕਲਣ ਦਾ ਰਸਤਾ ਮਿਲ ਸਕੇ ਜੋ ਸਾਡੇ ਦੇਸ਼ ਨੂੰ ਲਗਾਤਾਰ ਸ਼ਾਪਿਤ ਕਰ ਰਿਹਾ ਹੈ।'' 'ਅੱਤਵਾਦ ਦੇ ਵਿਰੁੱਧ ਅਤੇ ਮਨੁੱਖੀ ਅਧਿਕਾਰਾਂ ਦੇ ਨਾਲ ਦੱਖਣੀ ਏਸ਼ੀਆਈ' ਬੈਨਰ ਹੇਠ ਅਤੇ ਹੱਕਾਨੀ ਅਤੇ ਅਮਰੀਕੀ ਕਾਲਮਨਿਸਟ ਮੁਹੰਮਦ ਤਾਕੀ ਵੱਲੋਂ ਸਾਂਝੇ ਰੂਪ ਵਿਚ ਆਯੋਜਿਤ ਸੰਮੇਲਨ ਵਿਚ ਭਾਗੀਦਾਰਾਂ ਨੇ ਇਕ ਪ੍ਰਸਤਾਵ ਵਿਚ ਕਿਹਾ ਕਿ ਪਾਕਿਸਤਾਨ ਵਿਚ 2018 ਦੀਆਂ ਚੋਣਾਂ ਦੇ ਨਤੀਜਿਆਂ ਵਿਚ ਭਰੋਸੇਯੋਗਤਾ ਦੀ ਘਾਟ ਹੈ ਅਤੇ ਇਨ੍ਹਾਂ ਨੂੰ ਸਿਆਸੀ ਨਜ਼ਰ ਨਾਲ ਯੋਜਨਾਬੱਧ ਚੋਣਾਂ ਵਿਚੋਂ ਇਕ ਹੀ ਤਰੀਕੇ ਨਾਲ ਦੇਖਿਆ ਗਿਆ।

 ਪ੍ਰਸਤਾਵ ਵਿਚ ਕਿਹਾ ਗਿਆ,''ਚੋਣਾਂ ਨੇ ਪੀ.ਟੀ.ਆਈ. ਸਮਰਥਕਾਂ ਵਿਚ ਇਕ ਸਕਰਾਤਮਕ ਤਬਦੀਲੀ ਦੀਆਂ ਉਮੀਦਾਂ ਜਗਾ ਦਿੱਤੀਆਂ ਸਨ ਪਰ ਅਨੁਮਾਨ ਦੇ ਉਲਟ ਨਵੀਂ ਸਰਕਾਰ ਦੇ ਪਹਿਲੇ 3 ਮਹੀਨਿਆਂ ਵਿਚ ਉਨ੍ਹਾਂ ਉਮੀਦਾਂ ਨੂੰ ਝਟਕਾ ਲੱਗ ਗਿਆ।'' ਪਾਕਿਸਤਾਨ ਵਿਚ ਸ਼ਰੇਆਮ ਕੰਮ ਕਰ ਰਹੇ ਅੱਤਵਾਦੀ ਸਮੂਹਾਂ ਦੇ ਵਿੱਤਪੋਸ਼ਣ ਅਤੇ ਸਹਿਯੋਗ ਨੂੰ ਰੋਕਣ ਦੀ ਸਰਕਾਰ ਨੂੰ ਅਪੀਲ ਕਰਦਿਆਂ ਭਾਗੀਦਾਰਾਂ ਨੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.), ਜਮਾਤ-ਉਦ-ਦਾਅਵਾ (ਜੇ.ਯੂ.ਡੀ.), ਲਸ਼ਕਰ-ਏ-ਤੋਇਬਾ (ਐੱਲ.ਈ.ਜੇ.) ਸਮੇਤ ਹੋਰ ਨਫਰਤੀ ਸਮੂਹਾਂ ਅਤੇ ਕੱਟੜਪੰਥੀ ਸੰਗਠਨਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।


Vandana

Content Editor

Related News