ਅਮਰੀਕਾ ਦਾ ਦਾਅਵਾ, ਚੀਨੀ ਹੈਕਰ ਕੋਵਿਡ-19 ''ਤੇ ਸ਼ੋਧ ਕਰਨ ਵਾਲੀਆਂ ਫਰਮਾਂ ਨੂੰ ਬਣਾ ਰਹੇ ਨਿਸ਼ਾਨਾ
Wednesday, Jul 22, 2020 - 06:08 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕੀ ਨਿਆਂ ਵਿਭਾਗ ਨੇ ਦੋ ਚੀਨੀ ਹੈਕਰਾਂ 'ਤੇ ਦੁਨੀਆ ਭਰ ਦੀਆਂ ਕੰਪਨੀਆਂ ਤੋਂ ਵਪਾਰ ਨਾਲ ਜੁੜੀਆਂ ਕਰੋੜਾਂ ਡਾਲਰ ਮੁੱਲ ਦੀਆਂ ਗੁਪਤ ਜਾਣਕਾਰੀਆਂ ਨੂੰ ਚੋਰੀ ਕਰਨ ਅਤੇ ਹਾਲ ਹੀ ਵਿਚ ਕੋਰੋਨਾਵਾਇਰਸ ਦੇ ਲਈ ਟੀਕਾ ਵਿਕਸਿਤ ਕਰਨ ਵਾਲੀਆਂ ਫਰਮਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਪ੍ਰੈੱਸ ਕਾਨਫਰੰਸ ਵਿਚ ਅਧਿਕਾਰੀ ਜਿਹੜੇ ਹੈਕਰਾਂ ਦੇ ਬਾਰੇ ਵਿਚ ਗੱਲ ਕਰ ਰਹੇ ਸਨ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਚੀਨੀ ਹੈਕਰਾਂ ਨੇ ਹਾਲ ਹੀ ਦੇ ਮਹੀਨਿਆਂ ਵਿਚ ਕੋਰੋਨਾ ਵੈਕਸੀਨ ਨੂੰ ਲੈਕੇ ਕੰਮ ਕਰ ਰਹੀਆਂ ਕੰਪਨੀਆ ਦੇ ਕੰਪਿਊਟਰ ਨੈੱਟਵਰਕ ਵਿਚ ਸੰਨ੍ਹਮਾਰੀ ਕੀਤੀ ਸੀ।
ਅਧਿਕਾਰੀਆਂ ਨੇ ਕਿਹਾ ਹਾਲ ਹੀ ਦੇ ਮਹੀਨਿਆਂ ਵਿਚ ਹੈਕਰਾਂ ਨੇ ਵੈਕਸੀਨ ਅਤੇ ਇਲਾਜ ਵਿਕਸਿਤ ਕਰਨ ਦੇ ਆਪਣੇ ਕੰਮ ਲਈ ਜਨਤਕ ਰੂਪ ਨਾਲ ਜਾਣੂ ਕੰਪਨੀਆਂ ਦੇ ਕੰਪਿਊਟਰ ਨੈੱਟਵਰਕ ਦੀਆਂ ਕਮੀਆਂ 'ਤੇ ਸ਼ੋਧ ਕੀਤੀ ਸੀ।ਮਾਮਲੇ ਵਿਚ ਹੈਕਰਾਂ ਦੇ ਵਿਰੁੱਧ ਵਪਾਰ ਨਾਲ ਸਬੰਧਤ ਗੁਪਤ ਜਾਣਕਾਰੀ ਚੋਰੀ ਕਰਨ ਅਤੇ ਧੋਖਾਧੜੀ ਦੇ ਦੋਸ਼ ਸ਼ਾਮਲ ਹਨ। ਇਹ ਮਾਮਲਾ ਇਸ ਮਹੀਨੇ ਦੀ ਸ਼ੁਰੂਆਤ ਵਿਚ ਵਾਸ਼ਿੰਗਟਨ ਸੂਬੇ ਦੀ ਸੰਘੀ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ। ਮੰਤਰਾਲੇ ਨੇ ਮੰਗਲਵਾਰ ਨੂੰ ਹੈਕਰਾਂ ਦੇ ਵਿਰੁੱਧ ਅਪਰਾਧਿਕ ਦੋਸ਼ਾਂ ਦਾ ਐਲਾਨ ਕਰਦਿਆਂ ਇਹ ਦੋਸ਼ ਲਗਾਏ। ਮੁਕੱਦਮਾ ਵਿਚ ਇਹ ਦੋਸ਼ ਨਹੀਂ ਲਗਾਇਆ ਗਿਆ ਹੈ ਕਿ ਚੀਨੀ ਹੈਕਰਾਂ ਨੇ ਕੋਰੋਨਾਵਾਇਰਸ ਸੰਬੰਧੀ ਰਿਸਰਚ ਦੀ ਜਾਣਕਾਰੀ ਅਸਲ ਵਿਚ ਹਾਸਲ ਕੀਤੀ ਪਰ ਇਸ ਵਿਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਗਿਆ ਹੈ ਕਿ ਵਿਗਿਆਨਕ ਕਾਢਾਂ ਕਿਸ ਤਰ੍ਹਾਂ ਵਿਦੇਸ਼ੀ ਸਰਕਾਰਾਂ ਦੇ ਨਿਸ਼ਾਨੇ 'ਤੇ ਹਨ।