ਅਮਰੀਕਾ : ਕੇਂਦਰੀ ਜੇਲ੍ਹ ਕਰਮਚਾਰੀਆਂ ਨੂੰ ਬੁੱਧਵਾਰ ਤੋਂ ਲੱਗ ਸਕਦੈ ਕੋਰੋਨਾ ਟੀਕਾ
Wednesday, Dec 16, 2020 - 01:58 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਦੇਸ਼ ਵਿਚ ਵਿਆਪਕ ਪੱਧਰ 'ਤੇ ਸ਼ੁਰੂ ਹੋਏ ਕੋਰੋਨਾ ਵਾਇਰਸ ਟੀਕਾਕਰਣ ਦੀ ਪ੍ਰਕਿਰਿਆ ਵਿਚ ਕੇਂਦਰੀ ਜੇਲ੍ਹਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਟੀਕੇ ਲਗਾਏ ਜਾ ਸਕਦੇ ਹਨ। ਇਸ ਸੰਬੰਧੀ ਅਧਿਕਾਰੀਆਂ ਅਨੁਸਾਰ ਜੇਲ੍ਹਾਂ ਦੇ ਕੁੱਝ ਕਰਮਚਾਰੀਆਂ ਨੂੰ ਬੁੱਧਵਾਰ ਤੱਕ ਕੋਵਿਡ -19 ਦੇ ਟੀਕੇ ਲਗਏ ਜਾਣ ਦੀ ਉਮੀਦ ਹੈ।
ਫੈਡਰਲ ਬਿਊਰੋ ਆਫ਼ ਪਰੀਜ਼ਨਸ (ਬੀ ਓ ਪੀ) ਦੇ ਇੱਕ ਬੁਲਾਰੇ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਅਮਰੀਕੀ ਜੇਲ੍ਹਾਂ ਦੇ ਪੂਰਾ ਸਮਾਂ ਕੰਮ ਕਰਨ ਵਾਲੇ ਕਾਮਿਆਂ ਨੂੰ ਟੀਕਾਕਰਣ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਿਸ ਨਾਲ ਕਿ ਜੇਲ੍ਹਾਂ ਦੇ ਸਟਾਫ਼ ਅਤੇ ਕੈਦੀਆਂ ਦੀ ਵਾਇਰਸ ਦੀ ਲਾਗ ਤੋਂ ਸੁਰੱਖਿਆ ਹੋਵੇਗੀ।
ਬੀ. ਓ. ਪੀ. ਸ਼ੁਰੂ ਤੋਂ ਹੀ ਪੂਰੇ ਸਮੇਂ ਲਈ ਕਰਮਚਾਰੀਆਂ ਨੂੰ ਟੀਕਾ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਇਹ ਕਾਮੇ ਜੇਲ੍ਹਾਂ ਵਿਚ ਕਮਿਊਨਿਟੀ ਦੇ ਵਿਚ ਆਉਂਦੇ ਅਤੇ ਜਾਂਦੇ ਹਨ । ਇਸ ਨਾਲ ਇਹ ਕਾਮੇ ਵਾਇਰਸ ਦੇ ਪ੍ਰਸਾਰ ਲਈ ਸੰਭਾਵਿਤ ਜ਼ਰੀਆ ਬਣ ਸਕਦੇ ਹਨ ਜਦਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਿਹੜੀਆਂ ਸੰਘੀ ਜੇਲ੍ਹਾਂ ਨੂੰ ਪਹਿਲਾਂ ਟੀਕੇ ਲਗਾਏ ਜਾਣਗੇ।
ਇਸ ਸੰਬੰਧੀ ਨਿਊਯਾਰਕ ਦੇ ਮੌਜੂਦਾ “ਟੀਕਾਕਰਣ ਪ੍ਰੋਗਰਾਮ” ਅਨੁਸਾਰ, ਇਸ ਸੂਬੇ ਦੀਆਂ ਜੇਲ੍ਹਾਂ ਟੀਕਾਕਰਣ ਲਈ ਫੇਜ਼ ਦੋ ਵਿਚ ਆਉਂਦੀਆਂ ਹਨ ਜਦਕਿ ਫਰੰਟ-ਲਾਈਨ ਹੈਲਥ ਕੇਅਰ ਵਰਕਰ, ਨਰਸਿੰਗ ਹੋਮ ਨਿਵਾਸੀ ,ਪੁਲਿਸ ਅਤੇ ਹੋਰ ਜ਼ਰੂਰੀ ਕਰਮਚਾਰੀ ਤਰਜੀਹ ਵਿਚ ਹਨ ਪਰ ਇਸ ਦੀ ਤੁਲਨਾ ਵਿਚ ਮੈਸੇਚਿਉਸੇਟਸ ਦੇ ਅਧਿਕਾਰੀਆਂ ਦੀ ਕੀਤੀ ਘੋਸ਼ਣਾ ਅਨੁਸਾਰ ਕੈਦੀ ਅਤੇ ਜੇਲ੍ਹ ਕਰਮਚਾਰੀ ਵੀ ਸਿਹਤ ਕਰਮਚਾਰੀਆਂ ਅਤੇ ਨਰਸਿੰਗ ਹੋਮ ਦੇ ਵਸਨੀਕਾਂ ਦੇ ਨਾਲ, ਟੀਕਾਕਰਨ ਲਈ ਰਾਜ ਦੀ ਪਹਿਲੀ ਲਹਿਰ ਵਿਚ ਹੀ ਸ਼ਾਮਲ ਹੋਣਗੇ।