ਅਮਰੀਕਾ : ਸੈਨ ਡਿਏਗੋ ’ਚ ਮਨੁੱਖੀ ਤਸਕਰੀ ਦੀ ਕੋਸ਼ਿਸ਼ ਦੌਰਾਨ ਡੁੱਬੀ ਕਿਸ਼ਤੀ, 1 ਦੀ ਮੌਤ ਤੇ 8 ਜ਼ਖ਼ਮੀ

Saturday, May 22, 2021 - 02:49 PM (IST)

ਅਮਰੀਕਾ : ਸੈਨ ਡਿਏਗੋ ’ਚ ਮਨੁੱਖੀ ਤਸਕਰੀ ਦੀ ਕੋਸ਼ਿਸ਼ ਦੌਰਾਨ ਡੁੱਬੀ ਕਿਸ਼ਤੀ, 1 ਦੀ ਮੌਤ ਤੇ 8 ਜ਼ਖ਼ਮੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਚੰਗੇ ਭਵਿੱਖ ਦੀ ਆਸ ’ਚ ਸੈਂਕੜੇ ਲੋਕ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਸ ਕੋਸ਼ਿਸ਼ ਵਿੱਚ ਕਈ ਆਪਣੀ ਜਾਨ ਵੀ ਗਵਾ ਬੈਠਦੇ ਹਨ। ਅਜਿਹੀ ਹੀ ਜਾਨ ਗਵਾਉਣ ਦੀ ਘਟਨਾ ਸੈਨ ਡਿਏਗੋ ਦੇ ਸਮੁੰਦਰ ਵਿੱਚ ਵਾਪਰੀ ਹੈ, ਜਿੱਥੇ ਇੱਕ ਸੰਭਾਵਿਤ ਮਨੁੱਖੀ ਤਸਕਰੀ ਦੀ ਕੋਸ਼ਿਸ਼ ’ਚ ਇੱਕ ਕਿਸ਼ਤੀ ’ਚ ਸਵਾਰ ਲੋਕ ਕਿਸ਼ਤੀ ਦੇ ਡੁੱਬਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਬਾਰਡਰ ਪੈਟਰੋਲਿੰਗ ਏਜੰਟ ਨੇ ਵੀਰਵਾਰ ਸਵੇਰੇ 5 ਵਜੇ ਦੇ ਕਰੀਬ  ਪੁਆਇੰਟ ਲੋਮਾ ਨੇੜੇ ਕਈ ਲੋਕਾਂ ਨੂੰ ਕਿਸ਼ਤੀ ਵਿੱਚ ਯਾਤਰਾ ਕਰਦਿਆਂ ਦੇਖਿਆ, ਜੋ ਬਾਅਦ ਵਿੱਚ ਲਾ ਜੋਲਾ ਵਿੱਚ ਚਿਲਡਰਨ ਪੂਲ ਬੀਚ ਦੇ ਨਜ਼ਦੀਕ ਪਾਣੀ ਵਿੱਚ ਹਾਦਸੇ ਦਾ ਸ਼ਿਕਾਰ ਹੋਏ। ਜਿਸ ਉਪਰੰਤ ਸੈਨ ਡਿਏਗੋ ਫਾਇਰ-ਰੈਸਕਿਊ ਲਾਈਫ ਗਾਰਡ ਡਵੀਜ਼ਨ ਦੇ ਲਾਈਫਗਾਰਡਾਂ ਨੇ ਕਾਰਵਾਈ ਕਰਦੇ ਹੋਏ 10 ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ।

ਇਸ ਹਾਦਸੇ ਦੌਰਾਨ ਬਚਾਏ ਗਏ 8 ਲੋਕਾਂ ਨੂੰ ਚਾਰ ਸਥਾਨਕ ਹਸਪਤਾਲ ਲਿਆਂਦਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿਸ਼ਤੀ ਅਖੀਰ ’ਚ ਬਚਾਅ ਸਥਾਨ ਤੋਂ ਇੱਕ ਮੀਲ ਉੱਤਰ ਵੱਲ ਵਾਈਪਾਉਟ ਬੀਚ ਵਿੱਚ ਟਕਰਾ ਗਈ, ਜਿੱਥੇ ਇੱਕ ਵਿਅਕਤੀ ਵੀ ਡੁੱਬਿਆ ਹੋਇਆ ਮਿਲਿਆ, ਜਿਸ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਿਸ਼ਤੀ ਦਾ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੀ ਇੱਕ ਸੰਭਵ ਕੋਸ਼ਿਸ਼ 'ਚ ਸ਼ਾਮਲ ਹੋਣ ਦਾ ਸ਼ੱਕ ਹੈ ਅਤੇ ਬਾਰਡਰ ਪੈਟਰੋਲਿੰਗ ਅਨੁਸਾਰ ਬਚਾਅ ਤੋਂ ਬਾਅਦ 15 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਇਹ ਸਾਰੇ ਵਿਅਕਤੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਸਨ, ਜਦਕਿ ਕਿਸ਼ਤੀ ਵਿੱਚ ਸਵਾਰ ਲੋਕਾਂ ਬਾਰੇ ਹੋਰ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ।
 


author

Manoj

Content Editor

Related News